ਜ਼ਮੀਨੀ ਰੰਜਿਸ਼ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ
Thursday, Apr 09, 2026 - 03:21 PM (IST)
ਫਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ, ਆਨੰਦ, ਮਲਹੋਤਰਾ) : ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਯਾਰੇ ਸ਼ਾਹ ਵਾਲਾ ਵਿਖੇ ਜ਼ਮੀਨੀ ਰੰਜ਼ਿਸ਼ ਨੂੰ ਲੈ ਕੇ ਇਕ ਵਿਅਕਤੀ ਦੇ ਸੱਟਾਂ ਮਾਰਨ ਦੇ ਦੋਸ਼ ’ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਚਮਕੌਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਯਾਰੇ ਸ਼ਾਹ ਵਾਲਾ ਨੇ ਦੱਸਿਆ ਕਿ 5 ਅਪ੍ਰੈਲ ਨੂੰ ਸ਼ਾਮ ਕਰੀਬ 7.30 ਵਜੇ ਉਹ ਆਪਣੀ ਹਵੇਲੀ ਤੋਂ ਦੁੱਧ ਡੇਅਰੀ ’ਚ ਪਾਉਣ ਲਈ ਜਾ ਰਿਹਾ ਸੀ ਤਾਂ ਸਾਹਮਣਿਓਂ ਚਮਕੌਰ ਸਿੰਘ ਪੁੱਤਰ ਸਰਵਨ ਸਿੰਘ, ਬਲਵਿੰਦਰ ਸਿੰਘ ਪੁੱਤਰ ਰੌਸ਼ਨ ਸਿੰਘ, ਸਰਵਨ ਸਿੰਘ ਪੁੱਤਰ ਕਸ਼ਮੀਰ ਸਿੰਘ, ਰਣਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਵਾਸੀਅਨ ਯਾਰੇਸ਼ਾਹ ਵਾਲਾ ਨੇ ਲਲਕਾਰਾ ਮਾਰਿਆ ਕਿ ਫੜ ਲਓ ਅੱਜ ਇਸ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦਾ ਮਜ਼ਾ ਚਖਾਉਂਦੇ ਹਾਂ।
ਚਮਕੌਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਉਸ ਨੂੰ ਘੇਰਾ ਪਾ ਲਿਆ ਤੇ ਚਮਕੌਰ ਸਿੰਘ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਉਸ ’ਤੇ ਵਾਰ ਕੀਤਾ। ਚਮਕੌਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਉਸ ਨੂੰ ਸੱਟਾਂ ਮਾਰੀਆਂ ਅਤੇ ਲੋਕ ਇਕੱਠੇ ਹੁੰਦੇ ਵੇਖ ਕੇ ਉਹ ਆਪਣੇ ਹਥਿਆਰਾਂ ਨਾਲ ਸਮੇਤ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
