ਓਵਰਸਪੀਡ ਮੋਟਰਸਾਈਕਲ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਦੂਜਾ ਜ਼ਖ਼ਮੀ
Thursday, Apr 09, 2026 - 11:55 AM (IST)
ਲੁਧਿਆਣਾ (ਰਾਜ)- ਤਾਜਪੁਰ ਰੋਡ ਇਲਾਕੇ ’ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਦੀ ਲਾਪ੍ਰਵਾਹੀ ਨੇ ਇਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ। ਗੁੱਜਰਾਂ ਦੇ ਡੇਰੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ’ਚ 17 ਸਾਲਾ ਲੜਕੇ ਸੰਜੋਗ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਬਾਈਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹ ਮ੍ਰਿਤਕ ਦਾ ਮਾਮਾ ਹੈ। ਉਸ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 6 ਅਪ੍ਰੈਲ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ਦੇ ਸਿਲਸਿਲੇ ’ਚ ਵਾਪਸ ਪ੍ਰੀਤ ਨਗਰ, ਤਾਜਪੁਰ ਰੋਡ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਉਨ੍ਹਾਂ ਦੇ ਅੱਗੇ ਉਨ੍ਹਾਂ ਦਾ ਭਾਣਜਾ ਸੰਜੋਗ ਸਿੰਘ (17) ਅਤੇ ਭਾਣਜੇ ਦਾ ਦੋਸਤ ਸਾਗਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ। ਜਿਵੇਂ ਹੀ ਉਹ ਗੁੱਜਰਾਂ ਦੇ ਡੇਰੇ ਕੋਲ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਦੇ ਭਾਣਜੇ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਸੰਜੋਗ ਸਿੰਘ ਅਤੇ ਉਸ ਦਾ ਦੋਸਤ ਸਾਗਰ ਸਿੰਘ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ। ਦੋਵਾਂ ਨੂੰ ਤੁਰੰਤ ਗੰਭੀਰ ਹਾਲਤ ’ਚ ਸੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਸੰਜੋਗ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਸਾਗਰ ਸਿੰਘ ਦਾ ਇਲਾਜ ਅਜੇ ਵੀ ਜਾਰੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਮੁਲਜ਼ਮ ਚਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦਾ ਮੋਟਰਸਾਈਕਲ ਕਬਜ਼ੇ ’ਚ ਲੈ ਲਿਆ ਹੈ।
