ਬਾਘਾ ਪੁਰਾਣਾ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਖੂਨੀ ਝੜਪ, ਵੀਡੀਓ ਵਾਇਰਲ
Tuesday, Apr 21, 2026 - 03:45 PM (IST)
ਮੋਗਾ/ਬਾਘਾਪੁਰਾਣਾ (ਕਸ਼ਿਸ਼) : ਕਸਬਾ ਬਾਘਾ ਪੁਰਾਣਾ ਵਿਚ ਬੀਤੀ ਰਾਤ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ ਹਿੰਸਕ ਰੂਪ ਧਾਰ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਮੋਗਾ ਦੇ ਸਿਵਲ ਹਸਪਤਾਲ ਵਿਚ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਅਮਨ ਗੋਇਲ, ਜੋ ਕਿ ਮੇਨ ਬਾਜ਼ਾਰ ਨੇੜੇ ਬੀਏ ਵਾਲੀ ਗਲੀ ਦਾ ਰਹਿਣ ਵਾਲਾ ਹੈ, ਆਪਣੀ ਇਨੋਵਾ ਕਾਰ ਗਲੀ ਵਿਚ ਅੰਦਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰੋਤਾ ਫੈਸ਼ਨ ਹਾਊਸ ਦੇ ਸਾਹਮਣੇ ਇਕ ਬਾਈਕ ਖੜੀ ਸੀ, ਜਿਸ ਕਾਰਨ ਰਸਤਾ ਰੁਕਿਆ ਹੋਇਆ ਸੀ। ਅਮਨ ਗੋਇਲ ਵੱਲੋਂ ਬਾਈਕ ਨੂੰ ਸਾਈਡ ‘ਤੇ ਕਰਨ ਲਈ ਕਈ ਵਾਰ ਕਿਹਾ ਗਿਆ ਪਰ ਦੋਸ਼ ਹੈ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ।
ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਤਕਰਾਰ ਵੱਧ ਗਈ ਅਤੇ ਮਾਮਲਾ ਹੱਥਾਪਾਈ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿਚ ਆ ਕੇ ਅਮਨ ਗੋਇਲ ਦੇ ਸਾਥੀਆਂ ਵੱਲੋਂ ਰੋਤਾ ਫੈਸ਼ਨ ਹਾਊਸ ਦੇ ਮਾਲਕ ਨਵਤੇਜ ਕੁਮਾਰ ‘ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਦੁਕਾਨ ਦੇ ਇਕ ਕਰਮਚਾਰੀ ਨੇ ਬਚਾਅ ਕਰਦਿਆਂ ਕਾਰ ਚਾਲਕ ਉੱਤੇ ਵਾਈਪਰ ਨਾਲ ਵਾਰ ਕੀਤਾ, ਜਿਸ ਨਾਲ ਅਮਨ ਗੋਇਲ ਜ਼ਖਮੀ ਹੋ ਗਿਆ।
ਜ਼ਖਮੀ ਅਮਨ ਗੋਇਲ ਨੂੰ ਪਹਿਲਾਂ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਅਤੇ ਬਾਅਦ ਵਿਚ ਮੋਗਾ ਦੇ ਸਿਵਲ ਹਸਪਤਾਲ ਰਿਫਰ ਕੀਤਾ ਗਿਆ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਵਾਇਰਲ ਵੀਡੀਓ ਦੇ ਆਧਾਰ ‘ਤੇ ਦੋਵਾਂ ਧਿਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਣ ਦੀ ਗੱਲ ਕਹੀ ਗਈ ਹੈ।
