CTU ਦੇ ਡਰਾਈਵਰ ਚਲਾ ਰਹੇ ਅਫ਼ਸਰਾਂ ਦੀ ਕਾਰ, ਪ੍ਰਸ਼ਾਸਕ ਕੋਲ ਪਹੁੰਚੀ ਸ਼ਿਕਾਇਤ

Monday, Nov 06, 2023 - 04:04 PM (IST)

CTU ਦੇ ਡਰਾਈਵਰ ਚਲਾ ਰਹੇ ਅਫ਼ਸਰਾਂ ਦੀ ਕਾਰ, ਪ੍ਰਸ਼ਾਸਕ ਕੋਲ ਪਹੁੰਚੀ ਸ਼ਿਕਾਇਤ

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਵਿਚ ਸਟਾਫ਼ ਦੀ ਵੱਡੀ ਘਾਟ ਹੈ, ਉਥੇ ਹੀ ਸੀ.ਟੀ.ਯੂ. ਬੱਸ ਚਾਲਕ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਕਾਰਾਂ ਚਲਾ ਰਹੇ ਹਨ। ਇੰਨਾ ਹੀ ਨਹੀਂ, ਚੰਡੀਗੜ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਉਹ ਵੀ ਹਨ, ਜਿਨ੍ਹਾਂ ਨਾਲ 5 ਤੋਂ 6 ਡਰਾਈਵਰ ਜੁੜੇ ਹੋਏ ਹਨ, ਜਿਨ੍ਹਾਂ ਵਿਚੋਂ ਕਈਆਂ ਦਾ ਕੋਈ ਕੰਮ ਨਹੀਂ ਹੈ। ਭਾਵ ਸੀ.ਟੀ.ਯੂ. ਇਸ ਤਰ੍ਹਾਂ ਦੇ ਡਰਾਈਵਰਾਂ ਨੂੰ ਬਿਨਾਂ ਕੰਮ ਲਏ ਤਨਖਾਹ ਦੇ ਰਿਹਾ ਹੈ।

ਮਾਮਲੇ ਦੀ ਸ਼ਿਕਾਇਤ ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਸੀ.ਟੀ.ਯੂ. ਦੀਆਂ ਬੱਸਾਂ ਵਿਚ ਸੇਵਾਵਾਂ ਦੇਣ ਦੀ ਬਜਾਏ 20 ਦੇ ਕਰੀਬ ਡਰਾਈਵਰ ਯੂ.ਟੀ. ਸਕੱਤਰੇਤ ਵਿਚ ਵੱਖ-ਵੱਖ ਅਧਿਕਾਰੀਆਂ ਦੀਆਂ ਕਾਰਾਂ ਚਲਾ ਰਹੇ ਹਨ। ਇੰਨਾ ਹੀ ਨਹੀਂ, ਇਕ ਡਰਾਈਵਰ ਨੂੰ ਹਰ ਮਹੀਨੇ ਕਰੀਬ 70 ਹਜ਼ਾਰ ਰੁਪਏ ਤਨਖਾਹ ਵੀ ਦਿੱਤੀ ਜਾ ਰਹੀ ਹੈ। ਸ਼ਿਕਾਇਤਕਰਤਾ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਦੋ ਵਾਰ ਸ਼ਿਕਾਇਤ ਕਰ ਚੁੱਕਾ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ, ਜਿਸ ਕਾਰਨ ਹੁਣ ਇਸ ਦੀ ਜਾਣਕਾਰੀ ਪ੍ਰਸ਼ਾਸਕ ਤਕ ਪਹੁੰਚਾ ਦਿੱਤੀ ਗਈ ਹੈ। ਉਥੇ ਹੀ ਸੀ.ਟੀ.ਯੂ. ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਪਰ ਅਜੇ ਤਕ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'

417 ਬੱਸਾਂ ਲਈ ਵੀ ਨਹੀਂ ਹੈ ਲੋੜੀਂਦਾ ਸਟਾਫ਼
ਇਲੈਕਟ੍ਰਿਕ ਬੱਸਾਂ ਦੇ ਆਉਣ ਤੋਂ ਬਾਅਦ ਸੀ.ਟੀ.ਯੂ. ’ਚ ਡੀਜ਼ਲ ਬੱਸਾਂ ਦੀ ਗਿਣਤੀ ਘਟ ਗਈ ਹੈ। ਜਾਣਕਾਰੀ ਅਨੁਸਾਰ ਸੀ.ਟੀ.ਯੂ. ਦੀਆਂ ਇਸ ਵਿਚ ਸਥਾਨਕ ਅਤੇ ਲੰਬੀ ਦੂਰੀ ਦੀਆਂ ਕੁੱਲ ਮਿਲਾ ਕੇ ਲਗਭਗ 417 ਬੱਸਾਂ ਹਨ। ਇਨ੍ਹਾਂ ਵਿਚੋਂ ਵੀ ਸਿਰਫ਼ ਅੱਧੀਆਂ ਹੀ ਰੂਟ ’ਤੇ ਚੱਲ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਸਟਾਫ਼ ਦੀ ਘਾਟ ਦੱਸਿਆ ਜਾ ਰਿਹਾ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਲਗਭਗ 120 ਬੱਸਾਂ ਹੀ ਲੰਬੇ ਰੂਟਾਂ ’ਤੇ ਅਤੇ 90 ਲੋਕਲ ਰੂਟਾਂ ’ਤੇ ਚੱਲ ਰਹੀਆਂ ਹਨ। ਇਸ ਦਾ ਖਾਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਰੂਟ ’ਤੇ ਬੱਸਾਂ ਘੱਟ ਹੋਣ ਕਾਰਨ ਇੰਤਜ਼ਾਰ ਦਾ ਸਮਾਂ ਵੀ ਵਧ ਗਿਆ ਹੈ। ਸੀ.ਟੀ.ਯੂ. ਕੋਲ 1700 ਮਨਜ਼ੂਰ ਅਸਾਮੀਆਂ ਹਨ ਪਰ ਇਨ੍ਹਾਂ ਵਿਚੋਂ ਅੱਧੀਆਂ ਵੀ ਨਹੀਂ ਭਰੀਆਂ ਗਈਆਂ ਹਨ। ਸਟਾਫ ਬਹੁਤ ਘੱਟ ਹੈ, ਜਿਸ ਵਿਚੋਂ ਕੁਝ ਯੂ.ਟੀ. ਸਕੱਤਰੇਤ ਨੂੰ ਭੇਜ ਦਿੱਤਾ ਗਿਆ।

ਗ੍ਰਹਿ ਸਕੱਤਰ ਕੋਲ ਪੰਜ ਤੋਂ ਛੇ ਡਰਾਈਵਰ
ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਯੂ.ਟੀ. ਗ੍ਰਹਿ ਸਕੱਤਰ 5 ਤੋਂ 6 ਡਰਾਈਵਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਇਨ੍ਹਾਂ ਵਿਚੋਂ ਤਿੰਨ ਡਰਾਈਵਰ ਜ਼ਿਆਦਾਤਰ ਵਿਹਲੇ ਰਹਿੰਦੇ ਹਨ। ਗ੍ਰਹਿ ਸਕੱਤਰ ਦੇ ਨਾਲ-ਨਾਲ ਕਈ ਹੋਰ ਅਧਿਕਾਰੀ ਵੀ ਇਸ ਸੂਚੀ ਵਿਚ ਸ਼ਾਮਲ ਹਨ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੁਝ ਅਜਿਹੇ ਡਰਾਈਵਰ ਵੀ ਹਨ, ਜੋ ਕਾਰਾਂ 'ਚੋਂ ਪੈਟਰੋਲ ਚੋਰੀ ਕਰ ਕੇ ਅਧਿਕਾਰੀਆਂ ਦੀਆਂ ਕਾਰਾਂ ਵਿਚ ਭਰਦੇ ਹਨ। ਸ਼ਿਕਾਇਤਕਰਤਾ ਨੇ ਪ੍ਰਸ਼ਾਸਕ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ ਡਰਾਈਵਰਾਂ ਨੂੰ ਸੀ.ਟੀ.ਯੂ. ਵਿਚ ਵਾਪਸ ਭੇਜਿਆ ਜਾਵੇ।

ਇਹ ਵੀ ਪੜ੍ਹੋ : ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ, ਪੁਲਸ ਤੇ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News