ਪਹਿਲਾਂ ਮੁੰਬਈ ਹੁਣ ਦਿੱਲੀ ਬਣੀ ਪਨਾਹਗਾਹ, ਜਾਣੋ ਕਿਉਂ ਗੈਂਗਸਟਰਾਂ ਦੀ ਪਹਿਲੀ ਪਸੰਦ ਬਣੀ 'ਰਾਜਧਾਨੀ'
Tuesday, Jun 07, 2022 - 12:22 PM (IST)
ਚੰਡੀਗੜ੍ਹ (ਸੰਜੀਵ ਯਾਦਵ) : ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਅਤੇ ਖ਼ਾਸ ਕਰ ਨਾਲ ਲਗਦੇ ਸੂਬਿਆਂ 'ਚ ਗੈਂਗਸਟਰਾਂ ਦੀਆਂ ਕਾਰਵਾਈਆਂ ਮੁੜ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਹਨ। ਕਈ ਦਿਨ ਬੀਤਣ ਮਗਰੋਂ ਵੀ ਮੂਸੇਵਾਲਾ ਦੇ ਕਾਤਲਾਂ ਨੂੰ ਲੈ ਕੇ ਪੰਜਾਬ ਪੁਲਸ ਦੇ ਹੱਥ ਕੋਈ ਖ਼ਾਸ ਸਫ਼ਲਤਾ ਨਹੀਂ ਲੱਗੀ। ਇਸ ਸਭ ਦੇ ਵਿਚਕਾਰ ਵੱਡਾ ਸਵਾਲ ਇਹ ਹੈ ਕਿ ਗੈਂਗਸਟਰਾਂ ਲਈ ਪਨਾਹਗਾਹ ਬਣੀਆਂ ਥਾਵਾਂ 'ਤੇ ਸੁਰੱਖਿਆ ਏਜੰਸੀਆਂ ਹਮੇਸ਼ਾ ਨਜ਼ਰ ਰੱਖਦੀਆਂ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਵੱਲੋਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਗੱਲ ਕਰੀਏ 90 ਦੇ ਦਹਾਕੇ ਤੱਕ ਦੀ ਤਾਂ ਉਦੋਂ ਤੱਕ ਮੁੰਬਈ ਅੰਡਰਵਰਲਡ ਦੀ ਦੁਨੀਆ ਸੀ ਅਤੇ ਬਾਲੀਵੁੱਡ ਸਮੇਤ ਇਸ ਦਾ ਮਾਫ਼ੀਆ ਅਗਵਾ, ਕੰਟਰੈਕਟ ਕਿਲਿੰਗ, ਫਿਰੌਤੀ, ਸੱਟੇਬਾਜ਼ੀ, ਡਰੱਗਜ਼, ਜ਼ਮੀਨ ਹੜੱਪਣ ਸਮੇਤ ਸਮਗਲਿੰਗ ਵਰਗੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ। ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਮੁੰਬਈ ’ਚੋਂ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ ਸੀ ਪਰ ਰਾਜਧਾਨੀ ਦਿੱਲੀ ਹੌਲੀ-ਹੌਲੀ ਗੈਂਗਸਟਰਾਂ ਦੀ ਪਨਾਹਗਾਹ ਬਣ ਗਈ ਅਤੇ ਮੌਜੂਦਾ ਸਮੇਂ ’ਚ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਦਿੱਲੀ ਪੁਲਸ ਵਲੋਂ ਕਈ ਦਾਅਵੇ ਕਰਨ ਦੇ ਬਾਵਜੂਦ ਇੱਥੇ ਗੈਂਗਸਟਰ ਹਰ ਅਪਰਾਧ ਨੂੰ ਬਾਖੂਬੀ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਇਸ ਸਬੰਧੀ ਦਿੱਲੀ ਪੁਲਸ ਦੇ ਸੇਵਾਮੁਕਤ ਅਧਿਕਾਰੀ ਅਸ਼ੋਕ ਚੰਦ ਨੇ ਦੱਸਿਆ ਕਿ ਰਾਜਧਾਨੀ ਵਿੱਚ ਗੈਂਗਸਟਰਾਂ ਦੀ ਨੀਂਹ 1992 ਵਿੱਚ ਰੱਖੀ ਗਈ ਸੀ ਜਦੋਂ ਨਜਫ਼ਗੜ੍ਹ ਵਿੱਚ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ’ਤੇ ਕਬਜ਼ੇ ਅਤੇ ਇਲਾਕੇ ਵਿੱਚ ਦਬਦਬਾ ਬਣਾਉਣ ਨੂੰ ਲੈ ਕੇ ਖ਼ੂਨੀ ਜੰਗ ਸ਼ੁਰੂ ਹੋ ਗਈ ਸੀ। ਇਹ ਜੰਗ ਬਲਰਾਜ ਅਨੂਪ ਅਤੇ ਕ੍ਰਿਸ਼ਨ ਪਹਿਲਵਾਨ ਵਿਚਕਾਰ ਹੋਈ ਜਿਸ ਵਿੱਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਬਲਰਾਜ ਦਾ 1998 ਵਿੱਚ ਅਤੇ ਅਨੂਪ ਪਹਿਲਵਾਨ ਦਾ 2003 ਵਿੱਚ ਰੋਹਤਕ ਅਦਾਲਤ ਵਿੱਚ ਪੁਲਸ ਹਿਰਾਸਤ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇੱਥੇ ਹੀ ਗੈਂਗਵਾਰ ਦਾ ਅੰਤ ਹੋਇਆ ਪਰ ਇਨ੍ਹਾਂ ਕਤਲਾਂ ਨੇ ਬਾਹਰੀ ਦਿੱਲੀ ਦੇ ਕਈ ਨੌਜਵਾਨਾਂ ਨੂੰ ਗੈਂਗਸਟਰ ਬਣਨ ਦਾ ਸੁਫ਼ਨਾ ਦਿਖਾਇਆ ਜਿਸ ਤੋਂ ਬਾਅਦ ਰਾਜਧਾਨੀ ਵਿੱਚ ਗੈਂਗ ਬਣਨੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਦਿੱਲੀ ਗੈਂਗਸਟਰਾਂ ਦੀ ਪਸੰਦ ਕਿਉਂ ਬਣੀ?
ਮੁੰਬਈ ਨੂੰ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ ਪਰ ਜਿਸ ਰਫ਼ਤਾਰ ਨਾਲ ਦਿੱਲੀ ਦਾ ਵਿਕਾਸ ਹੋਇਆ, ਦਿੱਲੀ ਆਪਣੇ ਤੰਗ ਘੇਰੇ ਵਿੱਚੋਂ ਬਾਹਰ ਆਉਣ ਲੱਗੀ ਅਤੇ ਵਿਕਾਸ ਦੇ ਦੌਰ ਵਿੱਚ ਗੈਂਗਸਟਰ ਵੀ ਪੈਦਾ ਹੋਏ। ਸੀਨੀਅਰ ਅਧਿਕਾਰੀਆਂ ਮੁਤਾਬਕ ਮੁੰਬਈ ’ਚ ਲਗਾਤਾਰ ਏ. ਟੀ. ਐੱਸ. ਦੀ ਕਾਰਵਾਈ ਤੋਂ ਬਾਅਦ ਨਸ਼ਿਆਂ ਅਤੇ ਸਮਗਲਿੰਗ ਦੇ ਕਾਰੋਬਾਰਾਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਜਿਵੇਂ-ਜਿਵੇਂ ਦਿੱਲੀ ਦਾ ਵਿਸਥਾਰ ਹੋਇਆ, ਉੱਥੇ ਜ਼ਮੀਨਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਗਈਆਂ। ਗੁਰੂਗ੍ਰਾਮ, ਨੋਇਡਾ ਸਮੇਤ ਐੱਨ. ਸੀ. ਆਰ ਵਿੱਚ ਕਈ ਵਿਦੇਸ਼ੀ ਕੰਪਨੀਆਂ ਨੇ ਕਦਮ ਰੱਖਿਆ ਹੈ। ਬਾਹਰੀ ਕੰਪਨੀਆਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਗੈਂਗਸਟਰਾਂ ਨੇ ਆਪਣੀ ਰਣਨੀਤੀ ਬਦਲ ਲਈ ਅਤੇ ਆਪਸੀ ਗੈਂਗਵਾਰ ਖ਼ਤਮ ਕਰ ਕੇ ਕਾਰੋਬਾਰ ਨਾਲ ਜੁੜੇ ਲੋਕਾਂ ਤੋਂ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦੀਆਂ ਹੱਦਾਂ ਕਈ ਤਰੀਕਿਆਂ ਨਾਲ ਗੈਂਗਸਟਰਾਂ ਲਈ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ। ਇੱਥੋਂ ਅਪਰਾਧ ਕਰਨ ਤੋਂ ਬਾਅਦ ਉਹ ਕੁਝ ਹੀ ਮਿੰਟਾਂ ਵਿੱਚ ਦੂਜੇ ਰਾਜਾਂ ਵਿੱਚ ਜਾ ਸਕਦੇ ਹਨ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ