ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ 'ਹਿੰਦ ਦੀ ਚਾਦਰ' ਗੀਤ ਲਈ ਕੀਤਾ ਸਨਮਾਨਿਤ

Saturday, Nov 08, 2025 - 08:31 AM (IST)

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ 'ਹਿੰਦ ਦੀ ਚਾਦਰ' ਗੀਤ ਲਈ ਕੀਤਾ ਸਨਮਾਨਿਤ

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ ਉਹਨਾਂ ਦੇ ਗੀਤ “ਹਿੰਦ ਦੀ ਚਾਦਰ” ਲਈ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿੱਚ ਡਾ. ਸਰਤਾਜ ਦੇ ਆਗਮਨ ਉੱਤੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਸਕੱਤਰ ਜੈਸਮੀਨ ਸਿੰਘ ਨੋਨੀ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਮਾਡਲ, ਇਤਿਹਾਸਕ ਸਿੱਕਾ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ ਅਤੇ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਾਇਕ ਵਜੋਂ ਡਾ. ਸਰਤਾਜ ਨੇ ਕਈ ਧਾਰਮਿਕ ਅਤੇ ਸਭਿਆਚਾਰਕ ਗੀਤ ਗਾਏ ਹਨ, ਪਰ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ਉੱਤੇ ਉਹਨਾਂ ਵੱਲੋਂ ਗਾਇਆ ਗਿਆ “ਹਿੰਦ ਦੀ ਚਾਦਰ” ਗੀਤ ਉਹਨਾਂ ਦੇ ਗਾਇਨ ਜੀਵਨ ਦਾ ਮੀਲ ਪੱਥਰ ਸਾਬਤ ਹੋਵੇਗਾ। ਦੇਸ਼ ਤੇ ਵਿਦੇਸ਼ ਵਿੱਚ ਜਦ ਲੋਕ ਇਹ ਗੀਤ ਆਪਣੇ ਘਰਾਂ ਤੇ ਗੱਡੀਆਂ ਵਿੱਚ ਸੁਣਣਗੇ, ਉਹਨਾਂ ਨੂੰ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਦਾ ਪੂਰਾ ਇਤਿਹਾਸ ਪਤਾ ਲੱਗੇਗਾ।

ਇਹ ਵੀ ਪੜ੍ਹੋ : IRCTC ਦਾ ਵੱਡਾ ਬਦਲਾਅ, ਇਸ ਸਮੇਂ ਬਿਨਾਂ ਆਧਾਰ ਕਾਰਡ ਦੇ ਬੁੱਕ ਨਹੀਂ ਹੋਵੇਗੀ ਟਿਕਟ

ਇਸ ਗੀਤ ਵਿੱਚ ਡਾ. ਸਰਤਾਜ ਨੇ ਗੁਰੂ ਤੇਗ ਬਹਾਦੁਰ ਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ “ਤੇਗ ਮਲ ਤੋਂ ਤੇਗ ਬਹਾਦੁਰ” ਬਣਨ ਤੱਕ ਦਾ ਸਫ਼ਰ, ਗੁਰਤਾ ਗੱਦੀ ਪ੍ਰਾਪਤ ਕਰਨਾ, ਕਸ਼ਮੀਰੀ ਪੰਡਤਾਂ ਦਾ ਗੁਰੂ ਜੀ ਕੋਲ ਫ਼ਰਿਆਦ ਲੈ ਕੇ ਆਉਣਾ, ਆਨੰਦਪੁਰ ਸਾਹਿਬ ਤੋਂ ਸ਼ਹੀਦੀ ਲਈ ਚੱਲ ਪੈਣਾ, ਆਗਰਾ ਵਿੱਚ ਗ੍ਰਿਫ਼ਤਾਰੀ, ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਅਤੇ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਸ਼੍ਰੀ ਆਨੰਦਪੁਰ ਸਾਹਿਬ ਲੈ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕਰਨਾ, ਇਹ ਸਾਰਾ ਇਤਿਹਾਸ ਕੁਝ ਹੀ ਮਿੰਟਾਂ ਦੇ ਗੀਤ ਵਿੱਚ ਬਿਆਨ ਕੀਤਾ ਹੈ। ਪ੍ਰਧਾਨ ਕਾਲਕਾ, ਕਾਹਲੋਂ ਅਤੇ ਕਰਮਸਰ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਹੀਦੀ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਕਮੇਟੀ ਵੱਲੋਂ ਖ਼ਾਸ ਗੀਤ ਤਿਆਰ ਕਰਵਾਇਆ ਜਾ ਰਿਹਾ ਸੀ, ਪਰ ਡਾ. ਸਰਤਾਜ ਦਾ ਇਹ ਗੀਤ ਸੁਣਣ ਤੋਂ ਬਾਅਦ ਹੁਣ ਇਸੇ ਨੂੰ ਸ਼ਹੀਦੀ ਸ਼ਤਾਬਦੀ ਦਾ ਮੁੱਖ ਗੀਤ ਬਣਾਉਂਦੇ ਹੋਏ ਹਰ ਦੇਸ਼ਵਾਸੀ ਨੂੰ “ਹਿੰਦ ਦੀ ਚਾਦਰ” ਗੀਤ ਸੁਣਨ ਅਤੇ ਵੇਖਣ ਦੀ ਅਪੀਲ ਕੀਤੀ ਜਾਵੇਗੀ। ਦਿੱਲੀ ਆਉਣ ਤੇ ਕਮੇਟੀ ਵੱਲੋਂ ਡਾ. ਸਰਤਾਜ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਦੁਨੀਆ 'ਚ ਤਹਿਲਕਾ ਮਚਾਉਣਗੇ ਭਾਰਤ ਦੇ ਇਹ 3 ਬੈਂਕ, ਇਸ ਸ਼ਖਸ ਨੇ ਕਰ'ਤੀ ਵੱਡੀ ਭਵਿੱਖਬਾਣੀ

ਡਾ. ਸਤਿੰਦਰ ਸਰਤਾਜ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਕਿ ਉਹਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਤੇ ਉਹਨਾਂ ਨੂੰ ਇਹ ਗੀਤ ਲਿਖਣ ਤੇ ਗਾਉਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਆਮ ਤੌਰ ‘ਤੇ ਉਹਨਾਂ ਦੇ ਸਾਰੇ ਗੀਤ ਪੰਜਾਬੀ ਵਿੱਚ ਹੁੰਦੇ ਹਨ, ਪਰ ਇਹ ਗੀਤ ਉਹਨਾਂ ਨੇ ਹਿੰਦੀ ਵਿੱਚ ਇਸ ਲਈ ਲਿਖਿਆ ਤਾਂ ਜੋ ਹਿੰਦੀ ਭਾਸ਼ਾ ਰਾਹੀਂ ਦੇਸ਼ ਦੇ ਹਰ ਰਾਜ ਅਤੇ ਹਰ ਘਰ ਤੱਕ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਕਹਾਣੀ ਪਹੁੰਚ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News