ਸ਼ਹਿਰ ''ਚ ਮੰਗਤਿਆਂ ਦੀ ਵੱਧ ਰਹੀ ਫੌਜ ਤੋਂ ਲੋਕ ਪ੍ਰੇਸ਼ਾਨ

Wednesday, Sep 13, 2017 - 11:25 AM (IST)


ਤਲਵੰਡੀ ਭਾਈ (ਪਾਲ)—ਕੇਂਦਰ ਸਰਕਾਰ ਵੱਲੋਂ ਭਾਵੇਂ ਸਿੱਖਿਆ ਦਾ ਅਧਿਕਾਰ ਕਾਨੂੰਨ ਬਣਾ ਦਿੱਤਾ ਗਿਆ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਕੁਝ ਧਰਮਾਂ ਵਿਚ ਕੱਟੜਵਾਦ ਅਤੇ ਸਬੰਧਤ ਧਾਰਮਿਕ ਭਾਵਨਾਵਾਂ ਕਿੰਨੀਆਂ ਕੁ ਸਹਾਈ ਹੁੰਦੀਆਂ ਹਨ, ਇਸ ਦੀ ਮਿਸਾਲ ਸਬੰਧਤ ਧਰਮਾਂ ਦੀ ਆੜ ਵਿਚ ਛੋਟੇ-ਛੋਟੇ ਬੱਚਿਆਂ ਤੋਂ ਉਨ੍ਹਾਂ ਦੇ ਮਾਂ-ਬਾਪ ਵੱਲੋਂ ਭੀਖ ਮੰਗਵਾਉਣ ਦਾ ਧੰਦਾ ਜਾਰੀ ਰੱਖੇ ਜਾਣ ਤੋਂ ਮਿਲਦੀ ਹੈ। ਅਜਿਹੇ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ ਸਾਡੇ ਕਸਬਿਆਂ, ਪਿੰਡਾਂ ਤੇ ਸ਼ਹਿਰਾਂ ਵਿਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਹ ਭਿਖਾਰੀ ਬੱਚੇ ਟ੍ਰੈਫਿਕ ਲਾਈਟਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਜਨਥਕ ਥਾਵਾਂ ਤੇ ਬਾਜ਼ਾਰਾਂ ਵਿਚ ਆਮ ਹੀ ਵੇਖੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਕੁਝ ਨੌਜਵਾਨ ਉਮਰ ਦੇ ਮੰਗਤੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਟੋਲੀਆਂ ਬਣਾ ਕੇ ਮੰਗਣ ਦੀ ਆੜ ਵਿਚ ਲੋਕਾਂ ਦੇ ਘਰਾਂ ਵਿਚ ਵੜਣ ਦੀ ਕੋਸ਼ਿਸ਼ ਵੀ ਕਰਦੇ ਹਨ। ਹਾਲਾਂਕਿ ਭੀਖ ਮੰਗਣ ਉਪਰ ਪਾਬੰਦੀ ਲਾਉਂਦਿਆਂ ਸਰਕਾਰ ਨੇ ਇਸ ਨੂੰ ਜੁਰਮ ਕਰਾਰ ਦਿੰਦੇ ਹੋਏ, ਇਸ ਦੇ ਖਾਤਮੇ ਲਈ ਸਖਤ ਕਾਨੂੰਨ ਬਣਾਏ ਹੋਏ ਹਨ ਪਰ ਫਿਰ ਵੀ ਪ੍ਰਸ਼ਾਸਨ ਮੰਗਤਿਆਂ ਦੀ ਵੱਧ ਰਹੀ ਗਿਣਤੀ ਉਪਰ ਕਾਬੂ ਪਾਉਣ ਵਿਚ ਅਸਮੱਰਥ ਨਜ਼ਰ ਆ ਰਿਹਾ ਹੈ। ਇਲਾਕੇ ਦੇ ਵੱਖ-ਵੱਖ ਹਿੱਸਿਆਂ 'ਚ ਮੰਗਤਿਆਂ ਦੀ ਫੌਜ ਨੇ ਭੀਖ ਮੰਗਣ ਦੇ ਵੱਖ-ਵੱਖ ਢੰਗ ਅਪਣਾ ਕੇ ਅਪਰਾਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕਈ ਤਾਂ ਭੀੜ-ਭੜੱਕੇ ਵਿਚ ਲੋਕਾਂ ਦੀਆਂ ਜੇਬਾਂ, ਗਹਿਣਿਆਂ ਤੇ ਹੋਰ ਸਾਮਾਨ 'ਤੇ ਹੱਥ ਵੀ ਸਾਫ ਕਰਨ ਵਿਚ ਪੂਰੇ ਮਾਹਰ ਹਨ। ਹੁਣ ਇਸ ਭੀਖ ਮੰਗਣ ਦੇ ਕੰਮ ਨੂੰ ਵਪਾਰ ਬਣਾ ਚੁੱਕੇ ਕਾਰੋਬਾਰ ਵਿਚ ਸਿਰਫ ਲਾਚਾਰ, ਬੀਮਾਰ ਜਾਂ ਗਰੀਬ ਲੋਕ ਹੀ ਨਹੀਂ ਸ਼ਾਮਲ ਸਗੋਂ ਪੇਸ਼ੇਵਾਰ ਭਿਖਾਰੀ ਵੀ ਸ਼ਹਿਰ ਵਿਚ ਹਰ ਚੌਕ ਚੁਰਾਹੇ ਉਪਰ ਅਤੇ ਧਾਰਮਿਕ ਅਸਥਾਨਾਂ ਦੇ ਬਾਹਰ ਨਜ਼ਰ ਆ ਜਾਂਦੇ ਹਨ, ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਝੰਜੋੜ ਕੇ ਉਨ੍ਹਾਂ ਦੀਆਂ ਜੇਬਾਂ ਹੌਲੀਆਂ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ।

ਮਜਬੂਰੀ ਵੱਸ ਮੰਗਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਹੈ ਪਰ ਕੁਝ ਸ਼ਾਹੀ ਸ਼ੌਕ ਰੱਖਣ ਜਿਸ ਤਰ੍ਹਾਂ ਦਿਨ ਭਰ ਭੀਖ ਮੰਗਣ ਤੋਂ ਇਕੱਠੀ ਹੋਈ ਰਕਮ ਨਾਲ ਰਾਤ ਨੂੰ ਚੰਗੇ ਹੋਟਲਾਂ ਵਿਚ ਮਨਮਰਜ਼ੀ ਦੀ ਐਸ਼ ਕਰਨ ਵਾਲਿਆਂ ਦੀ ਗਿਣਤੀ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਨ੍ਹਾਂ ਦੇ ਰਾਤ-ਬਰਾਤੇ ਚੋਰੀਆਂ ਕਰ ਕੇ ਇਕ ਇਲਾਕੇ ਤੋਂ ਦੂਜੇ ਸ਼ਹਿਰ ਅਲੋਪ ਹੋ ਜਾਣ ਕਾਰਨ ਪੁਲਸ ਵੀ ਉਨ੍ਹਾਂ ਨੂੰ ਲੱਭਣ ਵਿਚ ਲਾਚਾਰ ਹੋ ਜਾਂਦੀ ਹੈ।


Related News