ਜਲੰਧਰ ''ਚ ਵੱਡਾ ਹਾਦਸਾ: ਗੈਸ ਟੈਂਕਰ ''ਚ ਹੋਇਆ ਧਮਾਕਾ, 3 ਦੀ ਮੌਤ
Saturday, Aug 23, 2025 - 05:33 AM (IST)

ਹੁਸ਼ਿਆਰਪੁਰ (ਜੈਨ) - ਅੱਜ ਰਾਤ ਲਗਭਗ 10 ਵਜੇ ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਪਿੰਡ ਮੰਡਿਆਲਾ ਵਿਖੇ ਗੈਸ ਟੈਂਕਰ ਤੇ ਪਿਕਅੱਪ ਵੈਨ ਵਿਚਾਲੇ ਟੱਕਰ ਹੋਣ ਨਾਲ ਗੈਸ ਟੈਂਕਰ ਵਿਚੋਂ ਗੈਸ ਲੀਕ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ।
ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਨੇ ਸੜਕ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਸੂਚਨਾ ਮਿਲਦੇ ਹੀ ਹੁਸ਼ਿਆਰਪੁਰ, ਆਦਮਪੁਰ ਏਅਰ ਫੋਰਸ, ਜਲੰਧਰ, ਕਰਤਾਰਪੁਰ ਆਦਿ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਵਿਚ ਲਗ ਗਈਆਂ।
ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਲੱਗਦੇ ਹੀ ਪੂਰੇ ਇਲਾਕੇ ਵਿਚ ਭਗਦੜ ਮਚ ਗਈ। ਸੜਕ ਕਿਨਾਰੇ ਦੁਕਾਨਾਂ ਵਿਚ ਸੁੱਤੇ ਕਈ ਲੋਕ ਸੜ ਗਏ। ਇਸ ਘਟਨਾ ਵਿਚ ਲਗਭਗ 3 ਲੋਕਾਂ ਦੇ ਜ਼ਿੰਦਾ ਸੜ ਜਾਣ ਦਾ ਖਦਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ।