ਬੱਸ ਡਰਾਈਵਰ ਦੇ ਮੁੰਡੇ ਨੇ ਸਾਰੀ ਦੁਨੀਆ ਲਾਈ ਪਿੱਛੇ, ਹੁਣ ਪੱਗ ਤੇ ਪੰਜਾਬੀਅਤ ਨਾਲ ਪਾ ਰਿਹੈ ਧੱਕ

Friday, Nov 01, 2024 - 10:28 AM (IST)

ਬੱਸ ਡਰਾਈਵਰ ਦੇ ਮੁੰਡੇ ਨੇ ਸਾਰੀ ਦੁਨੀਆ ਲਾਈ ਪਿੱਛੇ, ਹੁਣ ਪੱਗ ਤੇ ਪੰਜਾਬੀਅਤ ਨਾਲ ਪਾ ਰਿਹੈ ਧੱਕ

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿਚ ਬੁਲੰਦੀਆਂ ਛੂਹ ਰਹੇ ਦਿਲਜੀਤ ਦੋਸਾਂਝ ਅੱਜ ਇੰਟਰਨੈਸ਼ਨਲ ਪੱਧਰ 'ਤੇ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ। ਪੰਜਾਬ ਤੋਂ ਸੱਤ ਸੁਮੰਦਰ ਪਾਰ ਤੱਕ ਅਪਣੀ ਨਾਯਾਬ ਗਾਇਕੀ ਕਲਾ ਦੀਆਂ ਧੂੰਮਾਂ ਪਾ ਰਹੇ ਇਸ ਦੇਸੀ ਰੌਕ ਸਟਾਰ ਲਈ ਸੌਖਾ ਨਹੀਂ ਰਿਹਾ ਇੱਥੋਂ ਤੱਕ ਦਾ ਪੈਂਡਾ।

ਪੰਜਾਬ ਰੋਡਵੇਜ਼ 'ਚ ਬੱਸ ਡਰਾਈਵਰ ਵਜੋਂ ਕਰਦੇ ਸਨ ਕੰਮ
ਪੰਜਾਬ ਦੇ ਜਲੰਧਰ ਜ਼ਿਲ੍ਹੇ ਅਧੀਨ ਆਉਂਦੇ ਤਹਿਸੀਲ ਫਿਲੌਰ ਦੇ ਪਿੰਡ ਦੋਸਾਂਝ ਕਲਾਂ ਵਿਚ ਉਨ੍ਹਾਂ ਦਾ ਜਨਮ ਸਾਲ 1984 ਵਿਚ ਇੱਕ ਸਿੱਖ ਪਰਿਵਾਰ ਵਿਚ ਹੋਇਆ ਸੀ। ਦਿਲਜੀਤ ਦੇ ਪਿਤਾ ਬਲਬੀਰ ਸਿੰਘ ਪੰਜਾਬ ਰੋਡਵੇਜ਼ ਵਿਚ ਬੱਸ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਮਾਤਾ ਸੁਖਵਿੰਦਰ ਕੌਰ ਇੱਕ ਘਰੇਲੂ ਔਰਤ ਸੀ।

ਗਾਇਕੀ ਦਾ ਆਗਾਜ਼ ਗੁਰਦੁਆਰਾ ਸਾਹਿਬ 'ਚ ਸ਼ਬਦ ਗਾਇਨ ਨਾਲ ਕੀਤਾ
ਬਚਪਨ ਸਮੇਂ ਤੋਂ ਹੀ ਬਹੁ-ਪੱਖੀ ਪ੍ਰਤਿਭਾ ਦੇ ਧਨੀ ਰਹੇ ਦਿਲਜੀਤ ਦੋਸਾਂਝ ਨੇ ਮੁੱਢਲੀ ਵਿੱਦਿਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਗ੍ਰੈਜੂਏਸ਼ਨ ਫਿਲੌਰ ਤੋਂ ਪੂਰੀ ਕੀਤੀ। ਅਲੜ੍ਹਪੁਣੇ ਤੋਂ ਹੀ ਗਾਇਕੀ ਵਾਲੇ ਪਾਸੇ ਚੇਟਕ ਰੱਖਦੇ ਇਹ ਹੋਣਹਾਰ ਗਾਇਕ ਕਾਲਜੀਏਟ ਸਫ਼ਰ ਦੌਰਾਨ ਹੀ ਲੁਧਿਆਣੇ ਗਾਇਕੀ ਗਲਿਆਰਿਆਂ ਵਿਚ ਪੈਰ ਪਸਹਰਨ ਲੱਗ ਪਏ ਸਨ, ਜਿਨ੍ਹਾਂ ਰਸਮੀ ਗਾਇਕੀ ਦਾ ਆਗਾਜ਼ ਗੁਰਦੁਆਰਾ ਸਾਹਿਬ ਵਿਚ ਸ਼ਬਦ ਗਾਇਨ ਨਾਲ ਕੀਤਾ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ

ਤੀਜੀ ਐਲਬਮ ਨੇ ਦੁਨੀਆ ਭਰ 'ਚ ਕੀਤਾ ਮਸ਼ਹੂਰ
ਪੰਜਾਬੀਅਤ ਦਾ ਮਾਣ ਦੁਨੀਆਭਰ ਵਿਚ ਵਧਾਉਣ ਵਾਲੇ ਦਿਲਜੀਤ ਨੇ ਗਾਇਕੀ ਖੇਤਰ ਵਿਚ ਦਸਤਕ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਓੜਾ ਐੜਾ' (2003) ਨਾਲ ਮਹਿਜ਼ 18 ਸਾਲ ਦੀ ਉਮਰ ਵਿਚ ਕੀਤੀ। ਉਨ੍ਹਾਂ ਦੀ ਜੋ ਅਗਲੀ ਐਲਬਮ ਰਹੀ 'ਉਹ ਸੀ ਦਿਲ', ਜੋ ਉਸੇ ਸਾਲ ਰਿਲੀਜ਼ ਹੋਈ। ਹਾਲਾਂਕਿ ਜਿਸ ਐਲਬਮ ਨੇ ਉਨ੍ਹਾਂ ਨੂੰ ਪ੍ਰਸਿੱਧੀ ਦੇਣ ਵਿਚ ਅਹਿਮ ਭੂਮਿਕਾ ਨਿਭਾਈ, ਉਹ ਸੀ ਸਾਲ 2005 ਵਿਚ ਰਿਲੀਜ਼ ਹੋਈ ਉਨ੍ਹਾਂ ਦੀ ਤੀਜੀ ਐਲਬਮ 'ਸਮਾਈਲ', ਜੋ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿਚ ਸਫ਼ਲ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।

ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਪੰਜਾਬੀ ਸਿਨੇਮਾ ਖੇਤਰ ਨਾਲ ਬਣੇ ਉਨ੍ਹਾਂ ਦੇ ਜੁੜਾਵ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 'ਮੇਲ ਕਰਾਂਦੇ ਰੱਬਾ' 'ਚ ਕੀਤੇ ਕੈਮਿਓ ਰੋਲ ਤੋਂ ਹੋਈ, ਜਿਸ ਉਪਰੰਤ ਉਨ੍ਹਾਂ ਦੀ ਅਸਲ ਪਾਰੀ 'ਜਿੰਨੇ ਮੇਰਾ ਦਿਲ ਲੁੱਟਿਆ' ਨਾਲ ਸ਼ੁਰੂ ਹੋਈ, ਜੋ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਪੰਜਾਬ 1984' ਆਦਿ ਨਾਲ ਪੜਾਅ ਦਰ ਪੜਾਅ ਉੱਚ ਬੁਲੰਦੀਆਂ ਵੱਲ ਵੱਧਦੀ ਗਈ, ਜਿਸ ਦਾ ਦਾਇਰਾ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿਚ ਵੀ ਮਾਣਮੱਤਾ ਰੂਪ ਅਖ਼ਤਿਆਰ ਕਰ ਚੁੱਕਾ ਹੈ, ਜਿਸ ਦਾ ਅਹਿਸਾਸ 'ਉੜਤਾ ਪੰਜਾਬ', 'ਫਿਲੌਰੀ', 'ਗੁੱਡ ਨਿਊਜ਼' ਆਦਿ ਜਿਹੀਆਂ ਬੇਸ਼ੁਮਾਰ ਹਿੰਦੀ ਫ਼ਿਲਮਾਂ ਭਲੀਭਾਂਤ ਕਰਵਾ ਚੁੱਕੀਆਂ ਹਨ। ਸਾਲ 2020 ਵਿਚ ਉਨ੍ਹਾਂ ਆਪਣੀ 11ਵੀਂ ਐਲਬਮ 'G.O.A.T' ਦੇ ਰਿਲੀਜ਼ ਹੋਣ ਤੋਂ ਬਾਅਦ ਬਿੱਲਬੋਰਡ ਦੇ ਸੋਸ਼ਲ 50 ਚਾਰਟ ਵਿਚ ਆਪਣੀ ਮੌਜ਼ੂਦਗੀ ਦਰਜ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਦੀ ਇਸੇ ਐਲਬਮ ਨੇ ਚੋਟੀ ਦੇ 10 ਗਲੋਬਲ ਚਾਰਟ ਦੇ ਸਿਖਰ 'ਤੇ ਅਪਣਾ ਸ਼ਾਨਮੱਤਾ ਇਜ਼ਹਾਰ ਕਰਵਾਇਆ। ਇਸ ਤੋਂ ਇਲਾਵਾ ਗਾਇਕ ਨੇ ਕੈਨੇਡੀਅਨ ਐਲਬਮਾਂ ਚਾਰਟ 'ਤੇ ਚੋਟੀ ਦੇ 20 ਵਿਚੋਂ ਇੱਕ ਸਥਾਨ ਪ੍ਰਾਪਤ ਕੀਤਾ। ਕੋਲੰਬੀਆ ਦੇ ਗਾਇਕ ਕੈਮੀਲੋ, ਸੀਆ, ਸਵੀਟੀ ਵਰਗੇ ਕਈ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਸਹਿਯੋਗ ਅਤੇ ਮੁੰਬਈ ਵਿਚ ਐਡ ਸ਼ੀਰਨ ਨਾਲ ਵੀ ਪ੍ਰਦਰਸ਼ਨ ਵੀ ਉਨ੍ਹਾਂ ਦੀ ਮਾਣਮੱਤੀਆਂ ਪ੍ਰਾਪਤੀਆਂ ਵਿਚ ਸ਼ੁਮਾਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ

ਪਿਛਲੇ ਸਾਲ ਕੋਚੇਲਾ ਨਾਲ ਰਚਿਆ ਇਤਿਹਾਸ
ਸਾਲ 2023 ਵਿਚ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਵਿਚ ਪ੍ਰਦਰਸ਼ਨ ਕਰਨ ਵਾਲਾ ਪਹਿਲਾਂ ਭਾਰਤੀ ਕਲਾਕਾਰ ਬਣ ਗਿਆ ਦਿਲਜੀਤ ਦੁਸਾਂਝ, ਜਿਸ ਦਾ ਇਹ ਆਨ-ਬਾਨ-ਸ਼ਾਨ ਭਰਿਆ ਸਫ਼ਰ ਬਾ-ਦਸਤੂਰ ਜਾਰੀ ਹੈ। ਸਾਲ 2016 ਵਿਚ ਕ੍ਰਾਈਮ ਥ੍ਰਿਲਰ 'ਉੜਤਾ ਪੰਜਾਬ' ਨਾਲ ਉਨ੍ਹਾਂ ਆਪਣਾ ਬਾਲੀਵੁੱਡ ਡੈਬਿਊ ਕੀਤਾ, ਜਿਸ ਲਈ ਉਸ ਨੂੰ ਬੈਸਟ ਮੇਲ ਡੈਬਿਊ ਲਈ ਫਿਲਮਫੇਅਰ ਐਵਾਰਡ ਤੋਂ ਇਲਾਵਾ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸ ਤੋਂ ਬਾਅਦ 'ਗੁੱਡ ਨਿਊਜ਼' (2019) ਆਈ, ਜਿਸ ਲਈ ਉਸਨੂੰ ਸਰਵੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਐਵਾਰਡ ਲਈ ਦੂਜੀ ਨਾਮਜ਼ਦਗੀ ਮਿਲੀ। 

'ਦਿਲ-ਲੂਮਿਨਾਟੀ' ਟੂਰ ਸਿਰਜ ਰਿਹਾ ਨਵੇਂ ਰਿਕਾਰਡ
ਹਾਲ ਹੀ ਦੇ ਸਮੇਂ ਦੌਰਾਨ ਦਿਲਜੀਤ ਦੋਸਾਂਝ ਵੱਲੋਂ ਆਰੰਭਿਆ 'ਦਿਲ-ਲੂਮਿਨਾਟੀ' ਟੂਰ ਵੀ ਹੱਦਾਂ-ਸਰਹੱਦਾਂ ਪਾਰ ਤੱਕ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰ ਰਿਹਾ ਹੈ, ਜੋ ਕੈਨੇਡਾ, ਅਮਰੀਕਾ, ਆਸਟ੍ਰੇਲੀਆਂ, ਇੰਗਲੈਂਡ ਤੋਂ ਲੈ ਦੁਨੀਆ ਦੇ ਹਰ ਖਿੱਤੇ ਵਿਚ ਨਿੱਤ ਨਵੇਂ ਅਯਾਮ ਕਾਇਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News