ਤਿੰਨ ਦਿਨਾਂ ਤੋਂ ਲਾਪਤਾ ਹੋਏ ਕੈਮਿਸਟ ਦੀ ਲਾਸ਼ ਨਹਿਰ ''ਚੋਂ ਬਰਾਮਦ
Monday, Mar 26, 2018 - 11:58 AM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) - ਬੀਤੇ ਤਿੰਨ ਦਿਨਾਂ ਤੋਂ ਗੁੰਮ ਮੈਡੀਕਲ ਸਟੋਰ ਸੰਚਾਲਕ ਸਥਾਨਕ ਪ੍ਰੇਮ ਗਲੀ ਵਾਸੀ ਵਿਕਾਸ ਸ਼ਰਮਾ ਦੀ ਲਾਸ਼ ਬੀਤੇ ਐਤਵਾਰ ਦੇ ਦਿਨ ਦੁਪਹਿਰ ਨੂੰ ਜ਼ਿਲਾ ਫਾਜ਼ਿਲਕਾ ਦੀ ਰਾਜਸਥਾਨ ਦੇ ਨਾਲ ਲੱਗਣ ਵਾਲੀ ਸਰਹੱਦ 'ਤੇ ਸਥਿਤ ਸ਼੍ਰੀ ਗੰਗਾਨਗਰ ਦੇ ਨੇੜੇ ਤੋਂ ਗੰਗ ਕੈਨਾਲ ਵਿਚੋਂ ਮਿਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਉਸ ਦੇ ਗੁੰਮ ਹੋਣ ਤੋਂ ਬਾਅਦ ਸਿਟੀ ਪੁਲਸ ਨੇ ਇਸ ਮਾਮਲੇ ਵਿਚ 8 ਵਿਅਕਤੀਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ। ਵਿਕਾਸ ਸ਼ਰਮਾ ਦੀ ਪਤਨੀ ਨੇਹਾ ਨੇ ਸਿਟੀ ਪੁਲਸ ਦੇ ਕੋਲ ਐੱਫ. ਆਈ. ਆਰ. ਦਰਜ ਕਰਵਾ ਕੇ ਦੱਸਿਆ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਫੋਨ ਕੀਤਾ ਕਿ ਉਸ ਨੂੰ ਪੋਪਲੀ, ਲੱਡੂ ਪੋਪਲੀ, ਸਾਹਿਲ ਬਾਘਲਾ, ਗੋਰਾ ਤਨੇਜਾ, ਬੱਬੂ ਛਾਬੜਾ, ਸ਼ਟੀ ਬਤਰਾ, ਇਸ਼ਾਂਤ ਸਾਰੇ ਵਾਸੀ ਫਾਜ਼ਿਲਕਾ ਅਤੇ ਸੀਮਾ ਵਾਸੀ ਪਿੰਡ ਮੌਜ਼ਮ ਫਾਜ਼ਿਲਕਾ ਪੈਸਿਆਂ ਦੇ ਲੈਣ-ਦੇਣ ਸਬੰਧੀ ਪ੍ਰੇਸ਼ਾਨ ਕਰ ਰਹੇ ਹਨ। ਇਸ ਕਾਰਨ ਉਹ ਆਤਮਹੱਤਿਆ ਕਰਨ ਲਈ ਜਾ ਰਿਹਾ ਹੈ। ਇਸ ਤੋਂ ਬਾਅਦ ਗੁੰਮ ਹੋਏ ਵਿਕਾਸ ਸ਼ਰਮਾ ਦਾ ਮੋਟਰਸਾਈਕਲ ਅਤੇ ਮੋਬਾਇਲ ਪਿੰਡ ਖੂਈਖੇੜਾ ਦੇ ਨੇੜੇ ਤੋਂ ਨਿਕਲਣ ਵਾਲੀ ਗੰਗ ਕੈਨਾਲ ਦੇ ਕੰਢੇ ਤੋਂ ਬਰਾਮਦ ਹੋਇਆ ਸੀ ਅਤੇ ਉਸ ਤੋਂ ਬਾਅਦ ਹੀ ਉਸ ਦੀ ਨਹਿਰ 'ਚੋਂ ਭਾਲ ਕੀਤੀ ਜਾ ਰਹੀ ਸੀ।
ਵਿਕਾਸ ਸ਼ਰਮਾ ਦਾ ਅੱਜ ਬਾਅਦ ਦੁਪਹਿਰ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਬੀਤੇ ਤਿੰਨ ਦਿਨਾਂ ਤੋਂ ਸ਼ਹਿਰ ਵਿਚ ਨਾਜਾਇਜ਼ ਫਾਇਨਾਂਸਰਾਂ, ਸੱਟੇਬਾਜ਼ਾਂ ਦੇ ਮੱਕੜ ਜਾਲ ਵਿਚ ਫੱਸਣ ਵਾਲੇ ਵਿਅਕਤੀ ਕਿਵੇਂ ਉਨ੍ਹਾਂ ਦੇ ਮੱਕੜ ਜਾਲ 'ਚੋਂ ਨਿਕਲ ਨਹੀਂ ਸਕਦੇ, ਦੀ ਚਰਚਾ ਚੱਲ ਰਹੀ ਸੀ, ਜਿਸ ਨੇ ਆਖਰਕਾਰ ਇਕ ਵਿਅਕਤੀ ਨੂੰ ਆਤਮਹੱਤਿਆ ਲਈ ਮਜਬੂਰ ਕਰ ਦਿੱਤਾ। ਆਤਮਹੱਤਿਆ ਲਈ ਮਜਬੂਰ ਹੋਣ ਵਾਲੇ ਕੈਮਿਸਟ ਵਿਕਾਸ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨਾਲ ਮਿਲ ਕੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਓਵਰਬ੍ਰਿਜ 'ਤੇ ਵਿਕਾਸ ਸ਼ਰਮਾ ਦੀ ਲਾਸ਼ ਸਮੇਤ ਪੁਲਸ ਵੱਲੋਂ ਇਸ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਵਿਰੋਧ 'ਚ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕੀਤੀ।
