ਕੀ ਇਨ੍ਹਾਂ ਕਾਰਨਾਂ ਕਾਰਨ ਬਦਲੇ ਗਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ?
Saturday, Jul 21, 2018 - 11:43 AM (IST)
ਜਲੰਧਰ (ਬੁਲੰਦ)— ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਬੀਤੇ ਦਿਨ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਵਿਚ ਕਈ ਤਰ੍ਹਾਂ ਦੇ ਚਰਚੇ ਹਨ। ਇਨ੍ਹਾਂ ਦੀ ਮੰਨੀਏ ਤਾਂ ਚੇਅਰਮੈਨ ਰਹੇ ਪੰਨੂ ਨੇ ਪਿਛਲੇ ਮਹੀਨੇ ਕੁਝ ਵਿਭਾਗੀ ਤਬਾਦਲੇ ਕੀਤੇ ਸਨ, ਜਿਨ੍ਹਾਂ 'ਚ ਕਈ ਉੱਚ ਅਧਿਕਾਰੀਆਂ ਨੂੰ ਆਪਣੀ ਮਰਜ਼ੀ ਨਾਲ ਇਧਰ-ਉਧਰ ਕੀਤਾ ਗਿਆ ਸੀ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਤਬਾਦਲਿਆਂ ਲਈ ਨਿਯਮਾਂ ਅਨੁਸਾਰ ਵਿਭਾਗੀ ਮੰਤਰੀ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ ਜੋ ਨਹੀਂ ਲਈ ਗਈ। ਇਸ ਗੱਲ ਤੋਂ ਵਿਭਾਗੀ ਮੰਤਰੀ ਨੇ ਚੇਅਰਮੈਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।
ਸੂਤਰਾਂ ਅਨੁਸਾਰ ਚੇਅਰਮੈਨ ਨੂੰ ਹਟਾਏ ਜਾਣ ਦਾ ਇਕ ਤਾਂ ਇਹ ਕਾਰਨ ਰਿਹਾ। ਦੂਜਾ ਕਾਰਨ ਜੋ ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਉਹ ਇਹ ਹੈ ਕਿ ਦੋ ਮਹੀਨੇ ਪਹਿਲਾਂ ਹੋਈ ਬਿਆਸ ਨਦੀ ਵਿਚ ਚੱਢਾ ਸ਼ੂਗਰ ਮਿੱਲ ਦੇ ਗੰਦੇ ਸੀਰੇ ਦੇ ਡਿੱਗਣ ਦੀ ਘਟਨਾ ਦੇ ਮਾਮਲੇ ਵਿਚ ਐੱਨ. ਜੀ. ਟੀ. ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅਦਾਲਤ ਵਿਚ ਕਿਹਾ ਗਿਆ ਹੈ ਕਿ ਇਸ ਸਾਰੇ ਮਾਮਲੇ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੱਢਾ ਸ਼ੂਗਰ ਮਿੱਲ ਵਾਲਿਆਂ ਦੀ ਅੰਦਰੂਨੀ ਤੌਰ 'ਤੇ ਮਦਦ ਕੀਤੀ ਗਈ ਅਤੇ ਕੇਸ ਨੂੰ ਢਿੱਲੇ ਤਰੀਕੇ ਨਾਲ ਲਿਆ ਗਿਆ। ਜਾਣਕਾਰਾਂ ਦੀ ਮੰਨੀਏ ਤਾਂ ਇਹ ਦੋ ਕਾਰਨ ਰਹੇ, ਜਿਸ ਕਾਰਨ ਕਾਹਨ ਸਿੰਘ ਪੰਨੂ ਕੋਲੋਂ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਅਹੁਦਾ ਖੋਹਿਆ ਗਿਆ।
ਉਧਰ ਇਸ ਮਾਮਲੇ ਬਾਰੇ ਪੰਜਾਬ ਦੇ ਵਾਤਾਵਰਨ ਮੰਤਰੀ ਓ. ਪੀ. ਸੋਨੀ ਨਾਲ ਗੱਲ ਕੀਤੀ ਤਾਂ ਉਹ੍ਹਾਂ ਕਿਹਾ ਕਿ ਇਹ ਵਿਭਾਗੀ ਮਾਮਲਾ ਹੈ ਅਤੇ ਫਿਲਹਾਲ ਇੰਨਾ ਹੀ ਕਹਿ ਸਕਦਾ ਹਾਂ ਕਿ ਵਿਭਾਗ ਵਿਚ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਇਸ ਮਾਮਲੇ ਬਾਰੇ ਕਾਹਨ ਸਿੰਘ ਪੰਨੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
