ਪੰਜਾਬ ਦੇ ਵਾਹਨ ਚਾਲਕਾਂ ਨਾਲ ਜੁੜੀ ਅਹਿਮ ਖ਼ਬਰ, ਜਲੰਧਰ ਸਣੇ ਇਨ੍ਹਾਂ ਵੱਡੇ ਸ਼ਹਿਰਾਂ 'ਚ...
Monday, Apr 13, 2026 - 12:54 PM (IST)
ਚੰਡੀਗੜ੍ਹ : ਪੰਜਾਬ 'ਚ ਇਲੈਕਟ੍ਰਿਕ ਵਾਹਨਾਂ (ਈ-ਵਾਹਨ) ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸੂਬੇ 'ਚ ਪਿਛਲੇ ਇੱਕ ਸਾਲ ਦੌਰਾਨ ਈ-ਵਾਹਨਾਂ ਦੀ ਵਿਕਰੀ 'ਚ 48 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2025 'ਚ ਰਿਕਾਰਡ 35,631 ਈ-ਵਾਹਨ ਵਿਕੇ ਹਨ, ਜਦੋਂ ਕਿ ਸਾਲ 2024 'ਚ ਇਹ ਅੰਕੜਾ 24,008 ਸੀ।
ਦੋਪਹੀਆ ਅਤੇ ਚਾਰਪਹੀਆ ਵਾਹਨਾਂ ਦਾ ਵੱਧਦਾ ਰੁਝਾਨ
ਲੋਕਾਂ 'ਚ ਖ਼ਾਸ ਕਰਕੇ ਦੋਪਹੀਆ ਈ-ਵਾਹਨਾਂ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਾਲ 2024 'ਚ 19,858 ਦੋਪਹੀਆ ਵਾਹਨਾਂ ਦੇ ਮੁਕਾਬਲੇ 2025 'ਚ ਇਹ ਗਿਣਤੀ ਵੱਧ ਕੇ 27,264 ਹੋ ਗਈ ਹੈ। ਇਸੇ ਤਰ੍ਹਾਂ ਚਾਰਪਹੀਆ ਵਾਹਨਾਂ ਦੀ ਵਿਕਰੀ ਵੀ ਲਗਭਗ ਦੁੱਗਣੀ ਹੋ ਗਈ ਹੈ, ਜੋ 2024 'ਚ 4,150 ਤੋਂ ਵਧ ਕੇ 2025 'ਚ 8,367 ਤੱਕ ਪਹੁੰਚ ਗਈ ਹੈ। ਦੋਪਹੀਆ ਵਾਹਨਾਂ ਦੀ ਵਿਕਰੀ ਦੇ ਮਾਮਲੇ 'ਚ ਪੰਜਾਬ ਆਪਣੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਟ ਕੱਢੇਗੀ ਗਰਮੀ! ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਭਵਿੱਖਬਾਣੀ, 16-17 ਅਪ੍ਰੈਲ ਨੂੰ...
ਵਾਹਨ ਨੀਤੀ 'ਚ ਕੀਤਾ ਗਿਆ ਵਾਧਾ
ਸੂਬਾ ਸਰਕਾਰ ਨੇ ਈ-ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਇਲੈਕਟ੍ਰਿਕ ਵਾਹਨ ਨੀਤੀ ਨੂੰ 20 ਫਰਵਰੀ 2027 ਤੱਕ ਵਧਾ ਦਿੱਤਾ ਹੈ। ਇਸ ਨੀਤੀ ਤਹਿਤ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ 50 ਕਰੋੜ ਰੁਪਏ ਦੇ ਇਨਸੈਂਟਿਵ (ਪ੍ਰੋਤਸਾਹਨ) ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਤਿੰਨਪਹੀਆ ਵਾਹਨਾਂ ਅਤੇ ਈ-ਸਾਈਕਲਾਂ ਲਈ ਵੀ ਵੱਖਰੇ ਤੌਰ 'ਤੇ ਇਨਸੈਂਟਿਵ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਭਵਿੱਖ ਦੀਆਂ ਯੋਜਨਾਵਾਂ
ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਕਸਦ ਨਾਲ ਸਰਕਾਰ ਹੁਣ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ 'ਚ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨੀਤੀ 'ਚ ਚਾਰਜਿੰਗ ਸਟੇਸ਼ਨਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਹੀ 7,000 ਤੋਂ ਵੱਧ ਈ-ਵਾਹਨਾਂ ਦੀ ਵਿਕਰੀ ਹੋ ਚੁੱਕੀ ਹੈ, ਜੋ ਇਸ ਖੇਤਰ ਵਿੱਚ ਆ ਰਹੇ ਵੱਡੇ ਬਦਲਾਅ ਦਾ ਸੰਕੇਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
