ਜ਼ਿਲੇ ਭਰ ''ਚ ਭਾਰਤ ਬੰਦ ਨੂੰ ਮਿਲਿਆ ਭਰਪੂਰ ਸਮਰਥਨ

04/03/2018 7:30:18 AM

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)-ਐੱਸ. ਸੀ./ਐੱਸ. ਟੀ. ਐਕਟ ਸੰਬੰਧੀ ਆਏ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਕਪੂਰਥਲਾ ਜ਼ਿਲੇ 'ਚ ਭਾਰੀ ਸਮਰਥਨ ਮਿਲਿਆ। ਬੰਦ ਦੌਰਾਨ ਜਿਥੇ ਇੰਟਰਨੈੱਟ ਸੇਵਾਵਾਂ, ਸਿੱਖਿਅਕ ਅਦਾਰੇ, ਟਰਾਂਸਪੋਰਟ ਸੇਵਾ ਬੰਦ ਰਹੀ, ਉਥੇ ਹੀ ਪੂਰੀ ਤਰ੍ਹਾਂ ਬਾਜ਼ਾਰ ਵੀ ਮੁਕੰਮਲ ਬੰਦ ਦਿਖਾਈ ਦਿੱਤੇ। ਦਲਿਤ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਮੁਹੱਲਾ ਸ਼ਹਿਰੀਆਂ ਤੋਂ ਸ਼ੁਰੂ ਹੋ ਕੇ ਕੋਟੂ ਚੌਕ, ਜਲੌਖਾਨਾ ਚੌਕ, ਮੱਛੀ ਚੌਕ, ਸਦਰ ਬਾਜ਼ਾਰ, ਭਗਤ ਸਿੰਘ ਚੌਕ, ਸੱਤ ਨਾਰਾਇਣ ਬਾਜ਼ਾਰ, ਬੱਸ ਸਟੈਂਡ ਆਦਿ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਡੀ. ਸੀ. ਚੌਕ ਪਹੁੰਚਿਆ, ਜਿਥੇ ਪ੍ਰਦਰਸ਼ਨਕਾਰੀਆਂ ਵਲੋਂ ਨਾਅਰਿਆਂ ਦੀ ਗੂੰਜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਲਿਤਾਂ ਨੂੰ ਦਬਾਉਣ 'ਚ ਲੱਗੀ ਹੋਈ ਹੈ ਤੇ ਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਹਨ। 
ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ, ਮਾਸਟਰ ਗੁਰਦੇਵ ਸਿੰਘ, ਜੀਆ ਲਾਲ ਨਾਹਰ, ਐੱਮ. ਸੀ. ਸੁਖਵਿੰਦਰ ਸਿੰਘ ਸੁੱਖਾ, ਸਤੀਸ਼ ਕੁਮਾਰ ਨਾਹਰ, ਸ਼ਾਦੀ ਰਾਮ ਸ਼ੀਤਲ, ਕੁਲਵੰਤ ਕੁਮਾਰ, ਤਜਿੰਦਰ ਕੁਮਾਰ, ਸਤੀਸ਼ ਨਾਹਰ, ਰੋਸ਼ਨ ਲਾਲ ਸਭਰਵਾਲ, ਐੱਮ. ਸੀ. ਨਰਿੰਦਰ ਮਨਸੂ, ਚਰਨਜੀਤ ਹੰਸ, ਹੰਸ ਰਾਜ ਦਬੁਰਜੀ, ਪੰਜਾਬ ਸਿੰਘ ਨਾਹਰ, ਜਗਦੀਸ਼ ਸੋਮਾ, ਮਹਿੰਦਰ ਸਿੰਘ ਹਮੀਰਾ, ਠਾਕੁਰ ਦਾਸ ਗਿੱਲ, ਤਰਸੇਮ ਥਾਪਰ, ਮਾਈਕਲ, ਸੁਨੀਲ ਨਾਹਰ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲੇ ਅੰਦਰ ਨੌਜਵਾਨਾਂ ਵਲੋਂ ਮੋਟਰਸਾਈਕਲਾਂ 'ਤੇ ਰੋਸ ਮਾਰਚ ਕੱਢ ਕੇ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।
ਪੀਜ਼ਾ ਸ਼ਾਪ 'ਤੇ ਪੱਥਰਬਾਜ਼ੀ, ਮੋਟਰਸਾਈਕਲ ਭੰਨੇ
ਕਪੂਰਥਲਾ ਸ਼ਹਿਰ ਦੇ ਚਾਰਬੱਤੀ ਚੌਕ 'ਚ ਸਥਿਤ ਡੋਮੀਨੇਜ ਪੀਜ਼ਾ ਸ਼ਾਪ 'ਤੇ ਕੁਝ ਹੁੱਲੜਬਾਜ਼ਾਂ ਵਲੋਂ ਡੋਮੀਨੋਜ ਦੇ ਬਾਹਰ ਖੜ੍ਹੇ ਸਰਵਿਸ ਮੋਟਰਸਾਈਕਲਾਂ ਦੀ ਰਾਡਾਂ ਨਾਲ ਭੰਨਤੋੜ ਕੀਤੀ ਤੇ ਸ਼ੋਅ ਰੂਮ ਦੇ ਸ਼ੀਸ਼ੇ ਵਾਲੇ ਦਰਵਾਜ਼ੇ 'ਤੇ ਪੱਥਰਬਾਜ਼ੀ ਕੀਤੀ। ਇਸ ਤੋਂ ਇਲਾਵਾ ਕਰਤਾਰਪੁਰ ਰੋਡ 'ਤੇ ਇਕ ਵਕੀਲ ਦੀ ਖੜ੍ਹੀ ਗੱਡੀ 'ਤੇ ਵੀ ਕੁਝ ਲੋਕਾਂ ਨੇ ਪੱਥਰਬਾਜ਼ੀ ਕਰਕੇ ਉਸਦੇ ਸ਼ੀਸ਼ੇ ਤੋੜੇ ਗਏ।
ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਦਿੱਤਾ ਮੰਗ-ਪੱਤਰ
ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡੀ. ਸੀ. ਚੌਕ ਵਿਖੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਉਨ੍ਹਾਂ ਮਾਣਯੋਗ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲੇ ਦਾ ਵਿਰੋਧ ਕਰਦੇ ਹੋਏ ਉਸ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ। 
ਕੈਮਿਸਟ ਦੀਆਂ ਦੁਕਾਨਾਂ ਰਹੀਆਂ ਬੰਦ, ਮਰੀਜ਼ ਹੋਏ ਪ੍ਰੇਸ਼ਾਨ 
ਕਪੂਰਥਲਾ, (ਗੌਰਵ)-ਭਾਰਤ ਬੰਦ ਦੌਰਾਨ ਕਪੂਰਥਲਾ ਵਿਖੇ ਕੈਮਿਸਟ ਦੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ, ਜਿਸ ਕਾਰਨ ਦਵਾਈਆਂ ਲੈਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 

ਮੋਦੀ ਵਿਰੋਧੀ ਨਾਅਰਿਆਂ ਨਾਲ ਗੂੰਜਿਆ ਫਗਵਾੜਾ PunjabKesariਫਗਵਾੜਾ, (ਹਰਜੋਤ, ਰੁਪਿੰਦਰ ਕੌਰ)-ਭਾਰਤ ਬੰਦ ਦੇ ਸੱਦੇ 'ਤੇ ਅੱਜ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਸਾਰਾ ਦਿਨ ਮੋਦੀ ਵਿਰੋਧੀ ਨਾਅਰਿਆਂ ਨਾਲ ਗਰਮਾਇਆ ਰਿਹਾ ਅਤੇ ਸ਼ਹਿਰ ਪੁਲਸ ਛਾਉਣੀ ਬਣਿਆ ਰਿਹਾ। ਅੱਜ ਸਵੇਰੇ ਵੱਖ-ਵੱਖ ਇਲਾਕਿਆਂ ਤੋਂ ਦਲਿਤ ਸਮਾਜ ਟੈਂਪੂਆਂ, ਮੋਟਰਸਾਈਕਲਾਂ ਅਤੇ ਪੈਦਲ ਮਾਰਚ ਕਰ ਕੇ ਲੋਕ ਕਾਫ਼ਲਿਆਂ ਦੇ ਰੂਪ 'ਚ ਡਾ. ਅੰਬੇਦਕਰ ਪਾਰਕ ਹਰਗੋਬਿੰਦ ਨਗਰ ਪੁੱਜੇ, ਜਿਥੋਂ ਇਹ ਮਾਰਚ ਜੀ. ਟੀ. ਰੋਡ ਤੋਂ ਸ਼ੁਰੂ ਹੋ ਗਿਆ ਅਤੇ ਰੈਸਟ ਹਾਊਸ 'ਚ ਪੁੱਜਾ, ਜਿਥੇ ਵਿਸ਼ਾਲ ਰੈਲੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂ ਜਰਨੈਲ ਨੰਗਲ, ਸੰਤ ਮਹਿੰਦਰਪਾਲ ਪੰਡਵਾਂ, ਸੰਤ ਟਹਿਲ ਦਾਸ, ਸੰਤ ਦੇਸ ਰਾਜ, ਕਾਂਗਰਸੀ ਆਗੂ ਸੁਖਵਿੰਦਰ ਬਿੱਲੂ, ਹਰਭਜਨ ਸੁਮਨ, ਧਰਮਵੀਰ ਸੇਠੀ ਨੇ ਕਿਹਾ ਕਿ ਦਲਿਤ ਸਮਾਜ ਨਾਲ ਜੋ ਮੋਦੀ ਸਰਕਾਰ ਨੇ ਜ਼ੁਲਮ ਕਮਾਇਆ ਉਸ ਨੂੰ ਕਦੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਬੰਦ ਦੌਰਾਨ ਜਲੰਧਰ ਰੇਂਜ ਦੇ ਡੀ. ਆਈ. ਜੀ. ਜਸਕਰਨ ਸਿੰਘ ਅੱਜ ਸਾਰਾ ਦਿਨ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਖੁਦ ਕਰਦੇ ਰਹੇ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਇਸ ਰੋਸ ਮਾਰਚ 'ਚ ਹਿੱਸਾ ਲਿਆ ਅਤੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਲਿਤ ਭਾਈਚਾਰੇ ਦੇ ਨਾਲ ਹੈ ਅਤੇ ਉਹ ਇਸ ਫ਼ੈਸਲੇ ਦਾ ਵਿਰੋਧ ਕਰਦੇ ਹਨ। ਅਕਾਲ ਸਟੂਡੈਂਟਸ ਫ਼ੈੱਡਰੇਸ਼ਨ ਦੇ ਆਗੂ ਸੁਖਦੇਵ ਸਿੰਘ, ਦਲਿਤ ਆਗੂਆਂ ਜਰਨੈਲ ਨੰਗਲ, ਹਰਭਜਨ ਸੁਮਨ ਅਤੇ ਧਰਮਵੀਰ ਸੇਠੀ ਦੇ ਨਾਲ-ਨਾਲ ਜੀਪ ਉੱਪਰ ਸਵਾਰ ਹੋ ਕੇ ਏਕਤਾ ਦੇ ਨਾਅਰੇ ਲਗਾਉਂਦਾ ਰਿਹੈ। 
ਇਸ ਮੌਕੇ ਏ. ਡੀ. ਸੀ. ਬਬੀਤਾ ਕਲੇਰ, ਐੱਸ. ਪੀ. ਪਰਮਿੰਦਰ ਸਿੰਘ ਭੰਡਾਲ, ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ, ਸਿਟੀ ਐੱਸ. ਐੱਚ. ਓ. ਗੁਰਮੀਤ ਸਿੰਘ ਵੀ ਫਲੈਗ ਮਾਰਚ ਕਾਫ਼ਲੇ 'ਚ ਸ਼ਾਮਿਲ ਸਨ। 
ਰੋਸ ਮਾਰਚ ਦੌਰਾਨ ਵਾਪਰਿਆ ਹਾਦਸਾ, ਨੌਜਵਾਨ ਜ਼ਖਮੀ
ਬੇਗੋਵਾਲ, (ਰਜਿੰਦਰ)-ਭਾਰਤ ਸਬੰਧੀ ਐੱਸ. ਸੀ. ਜਥੇਬੰਦੀਆਂ ਵਲੋਂ ਭੁਲੱਥ ਤੋਂ ਬੇਗੋਵਾਲ ਨੂੰ ਕੱਢੇ ਗਏ ਰੋਸ ਮਾਰਚ ਦੌਰਾਨ ਹੋਏ ਪਿੰਡ ਭਦਾਸ ਕੋਲ ਸੜਕ ਹਾਦਸੇ ਦੌਰਾਨ ਨੌਜਵਾਨ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਰਵਿੰਦਰਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਜੱਗਾ ਆਪਣੇ ਮੋਟਰਸਾਈਕਲ ਰਾਹੀਂ ਰੋਸ ਮਾਰਚ ਕਾਫਲੇ ਵਿਚ ਜਾ ਰਿਹਾ ਸੀ, ਬੇਗੋਵਾਲ ਸਾਈਡ ਤੋਂ ਆ ਰਿਹਾ ਇਕ ਮੋਟਰਸਾਈਕਲ ਇਸਦੇ ਮੋਟਰਸਾਈਕਲ ਵਿਚ ਵੱਜਾ, ਜਿਸ ਦੌਰਾਨ ਰਵਿੰਦਰਪਾਲ ਜ਼ਖਮੀ ਹੋ ਗਿਆ। ਜਿਸ ਨੂੰ ਮੌਕੇ 'ਤੇ ਗਲੋਬਲ ਹਸਪਤਾਲ ਬੇਗੋਵਾਲ ਵਿਖੇ ਲਿਜਾਇਆ ਗਿਆ। ਦੂਸਰੇ ਪਾਸੇ ਸੜਕ ਹਾਦਸੇ ਦੌਰਾਨ ਦੂਸਰੇ ਮੋਟਰਸਾਈਕਲ ਚਾਲਕ ਨੂੰ ਬੇਗੋਵਾਲ ਪੁਲਸ ਨੇ ਮੌਕੇ 'ਤੇ ਹਿਰਾਸਤ ਵਿਚ ਲੈ ਲਿਆ ਸੀ। 
ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ
ਐੱਸ. ਸੀ./ਐੱਸ. ਟੀ. ਐਕਟ ਖਿਲਾਫ ਆਏ ਫ਼ੈਸਲੇ ਦੇ ਵਿਰੋਧ 'ਚ ਇਕ ਦਲਿਤ ਆਗੂ ਰਜਿੰਦਰ ਘੇੜਾ ਨੇ ਆਪਣੇ ਚਾਰ ਸਾਥੀਆਂ ਸਮੇਤ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅੱਜ ਦੀ ਭੁੱਖ ਹੜਤਾਲ 'ਚ ਰਜਿੰਦਰ ਘੇੜਾ, ਰਜਵਿੰਦਰ ਕੌਰ, ਸੰਤੋਸ਼ ਕੁਮਾਰੀ, ਮੀਨਾ ਕੁਮਾਰੀ, ਪਰਮਜੀਤ ਕੌਰ ਵੀ ਸ਼ਾਮਿਲ ਸਨ।
ਚਾਹ ਨੂੰ ਵੀ ਤਰਸੇ ਪੁਲਸ ਮੁਲਾਜ਼ਮ
ਬੰਦ ਦੇ ਸੱਦੇ ਕਾਰਨ ਸ਼ਹਿਰ 'ਚ ਕੋਈ ਵੀ ਚਾਹ ਦਾ ਖੋਖਾ ਖੁਲ੍ਹਾ ਨਾ ਹੋਣ ਕਾਰਨ ਬਾਹਰੋਂ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਚਾਹ ਨੂੰ ਵੀ ਤਰਸਦੇ ਰਹੇ।
ਮੋਟਰਸਾਈਕਲ ਸਵਾਰਾਂ ਨੇ ਕੀਤੀ ਨੌਜਵਾਨ ਦੀ ਕੁੱਟਮਾਰ
ਬੰਦ ਦੌਰਾਨ ਗੋਲ ਚੌਕ ਲਾਗੇ ਕੁਝ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਅਜੈ ਕੁਮਾਰ ਪੁੱਤਰ ਪਰਮਜੀਤ ਵਾਸੀ ਪੀਪਾ ਰੰਗੀ ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ, ਪੁਲਸ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ।


Related News