ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ, ਪੁਲਸ ਕਰਨ ਲੱਗੀ ਖ਼ਾਲਿਸਤਾਨੀਆਂ ਨੂੰ ਸੰਬੋਧਨ

Thursday, May 16, 2024 - 06:05 AM (IST)

ਜਲੰਧਰ (ਇੰਟ.)– ਕੈਨੇਡਾ ’ਚ ਇਕ ਵਾਰ ਮੁੜ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੈਨੇਡਾ ਦੀ ਪੁਲਸ ਤੇ ਪ੍ਰਸ਼ਾਸਨ ਹੁਣ ਖੁੱਲ੍ਹੇਆਮ ਉਨ੍ਹਾਂ ਲੋਕਾਂ ਦਾ ਸਮਰਥਨ ਕਰ ਰਿਹਾ ਹੈ, ਜੋ ਭਾਰਤ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਹਨ। ਹਾਲ ਹੀ ’ਚ ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ’ਚ ਹੋਏ ਇਕ ਧਾਰਮਿਕ ਸਮਾਗਮ ’ਚ ਭਾਰਤ ’ਤੇ ਹੱਤਿਆਵਾਂ ਦਾ ਦੋਸ਼ ਲਗਾਉਂਦਿਆਂ ਖ਼ਾਲਿਸਤਾਨੀ ਅੱਤਵਾਦੀਆਂ ਦੇ ਨਾਂ ਤੇ ਤਸਵੀਰਾਂ ਵਾਲੇ ਪੋਸਟਰ ਦਿਖਾਏ ਗਏ ਸਨ।

ਇਸ ਸਮਾਗਮ ’ਚ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਸਟਰ ਮਾਈਂਡ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਨੂੰ ਵੀ ਸ਼ਹੀਦ ਵਜੋਂ ਸਨਮਾਨਿਤ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡੀਅਨ ਪੁਲਸ ਅਧਿਕਾਰੀਆਂ ਤੇ ਕੈਲਗਰੀ ਦੇ ਮੇਅਰ ਨੇ ਵੀ ਸਮਾਗਮ ’ਚ ਆਪਣੇ ਵਿਚਾਰ ਸਾਂਝੇ ਕੀਤੇ।

ਪੁਲਸ ਅਧਿਕਾਰੀ ਤੇ ਮੇਅਰ ਦੇ ਭਾਸ਼ਣ ’ਤੇ ਸਵਾਲ
ਇਸ ਸਮਾਗਮ ਦੇ ਆਯੋਜਨ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ ’ਚ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਕਈ ਯੂਜ਼ਰਸ ਨੇ ਸਮਾਗਮ ’ਚ ਕੈਨੇਡੀਅਨ ਪੁਲਸ ਅਧਿਕਾਰੀ ਤੇ ਮੇਅਰ ਦੇ ਭਾਸ਼ਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਇਨ੍ਹਾਂ ਦੋਵਾਂ ਦਾ ਖ਼ਾਲਿਸਤਾਨੀ ਸਮਰਥਕਾਂ ਨੂੰ ਸਮਰਥਨ ਦੇਣ ਦਾ ਮਤਲਬ ਕੀ ਹੈ?

ਇਹ ਖ਼ਬਰ ਵੀ ਪੜ੍ਹੋ : ਰਵਨੀਤ ਬਿੱਟੂ ਦੀ CM ਮਾਨ ਨੂੰ ਚੁਣੌਤੀ, ਕਿਹਾ- 4 ਜੂਨ ਤੋਂ ਬਾਅਦ ਰੋਜ਼ਾਨਾ ਕਰਨਗੇ ਸੀ.ਐੱਮ. ਹਾਊਸ ਦਾ ਘਿਰਾਓ

ਇਕ ਮੀਡੀਆ ਰਿਪੋਰਟ ਅਨੁਸਾਰ ਸਮਾਗਮ ਦਾ ਆਯੋਜਨ ਆਸਥਾ ਦੇ ਉਤਸਵ ਵਜੋਂ ਕੀਤਾ ਗਿਆ ਸੀ ਪਰ ਇਸ ਨੇ ਇਕ ਸਿਆਸੀ ਰੁਖ਼ ਅਪਣਾ ਲਿਆ। ਸਮਾਗਮ ’ਚ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਦੀ ਵਡਿਆਈ ਕੀਤੀ ਗਈ ਤੇ ਇਸ ਦਾ ਸਰਕਾਰੀ ਨੁਮਾਇੰਦਿਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ। ਭਾਰਤ ਪਹਿਲਾਂ ਹੀ ਕੈਨੇਡਾ ਨੂੰ ਕੱਟੜਵਾਦ ਤੇ ਹਿੰਸਾ ਨੂੰ ਸਿਆਸੀ ਥਾਂ ਦੇਣ ਲਈ ਤਾੜਨਾ ਕਰ ਚੁੱਕਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ’ਚ ਵੋਟ ਬੈਂਕ ਦੀ ਰਾਜਨੀਤੀ ਨੂੰ ਲੈ ਕੇ ਟਰੂਡੋ ਸਰਕਾਰ ਖ਼ਾਲਿਸਤਾਨੀ ਕੱਟੜਪੰਥੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅੱਤਵਾਦੀ ਤਲਵਿੰਦਰ ਨੂੰ ਖ਼ਾਲਿਸਤਾਨੀ ਮੰਨਦੇ ਨੇ ਹੀਰੋ
ਜ਼ਿਕਰਯੋਗ ਹੈ ਕਿ ਕੈਨੇਡਾ ’ਚ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਤਲਵਿੰਦਰ ਸਿੰਘ ਨੂੰ ਹੀਰੋ ਮੰਨਦੇ ਹਨ। ਹਾਲਾਂਕਿ ਅਸਲੀਅਤ ਇਹ ਹੈ ਕਿ ਇਹ ਅੱਤਵਾਦੀ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ’ਚ 329 ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਹੈ। 1982 ’ਚ ਜਸਟਿਨ ਟਰੂਡੋ ਦੇ ਪਿਤਾ ਤੇ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਨੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਕੀਤੀ ਗਈ ਖ਼ਾਲਿਸਤਾਨੀ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਦੀ ਹਵਾਲਗੀ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ। ਕੈਨੇਡੀਅਨ ਪੁਲਸ ਨੂੰ ਸ਼ੱਕ ਸੀ ਕਿ ਪਰਮਾਰ ਕਨਿਸ਼ਕ ਹਮਲੇ ਦਾ ਮਾਸਟਰਮਾਈਂਡ ਸੀ ਪਰ ਬਾਅਦ ’ਚ ਉਸ ਦੇ ਖ਼ਿਲਾਫ਼ ਦੋਸ਼ ਹਟਾ ਦਿੱਤੇ ਗਏ ਸਨ। ਖ਼ਾਲਿਸਤਾਨ ਲਹਿਰ ਦੀ ਵਕਾਲਤ ਕਰਨ ਵਾਲਾ ਪਰਮਾਰ ਬਾਅਦ ’ਚ 1992 ’ਚ ਪੰਜਾਬ ਪੁਲਸ ਨਾਲ ਇਕ ਮੁਕਾਬਲੇ ’ਚ ਮਾਰਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News