ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ : SDM

Wednesday, Sep 03, 2025 - 11:55 AM (IST)

ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ : SDM

ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਪੰਚਾਂ-ਸਰਪੰਚਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨਾਲ ਲਗਾਤਾਰ ਸੰਪਰਕ ਰੱਖਣ ਤੋਂ ਇਲਾਵਾ ਰਾਹਤ ਕਾਰਜ ਜ਼ਾਰੀ ਹਨ। ਇਹ ਵਿਚਾਰ ਅਰਵਿੰਦਰਪਾਲ ਸਿੰਘ ਐਸ. ਡੀ. ਐੱਮ. ਜ਼ੀਰਾ ਨੇ ਜ਼ੀਰਾ ਸਬ-ਡਵੀਜ਼ਨ ਅਧੀਨ ਆਉਂਦੇ ਇਲਾਕਾ ਮਖੂ ਅਤੇ ਮੱਲ਼ਾਂਵਾਲਾ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਤੋਂ ਇਲਾਵਾ ਪਾਣੀ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਸ਼ਾਸਨ ਵੱਲੋਂ ਸਹਾਇਤਾ ਕੇਂਦਰ ਅਤੇ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।

ਐੱਸ. ਡੀ. ਐੱਮ. ਜ਼ੀਰਾ ਨੇ ਅੱਗੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਦਰਿਆ ਦੇ ਨੇੜਲੇ ਪਿੰਡਾਂ ਵਿਚ ਬੈਠੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦਾ ਪੱਧਰ ਹੋਰ ਵਧਣ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਚੱਲ ਰਹੇ ਲੋਕਾਂ ਤੱਕ ਸਮਾਜ ਸੇਵੀ ਤੇ ਹੋਰ ਅਹੁਦੇਦਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਸ਼ਾਸਨ ਆਟਾ, ਦਾਲਾਂ, ਕਰਿਆਨਾ, ਦੁੱਧ ਅਤੇ ਪਸ਼ੂਆਂ ਲਈ ਹਰਾ ਚਾਰਾ, ਫੀਡ, ਤੂੜੀ ਅਤੇ ਆਚਾਰ ਆਦਿ ਦੀ ਸਹਾਇਤਾ ਪਹੁੰਚਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪ੍ਰਸ਼ਾਸ਼ਨ ਲਗਾਤਾਰ ਲੋਕਾਂ ਨਾਲ ਸੰਪਰਕ ਕਰਦਿਆਂ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਣ ਲਈ ਬੇੜ੍ਹਿਆਂ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਤਰਪਾਲਾਂ ਤੇ ਹੋਰ ਸਮਾਨ ਦੇਣ ਤੋਂ ਇਲਾਵਾ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੇ ਠਹਿਰਨ ਲਈ ਰਹਿਣ ਬਸੇਰੇ ਬਣਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਅੰਤ ਵਿਚ ਐੱਸ. ਡੀ. ਐੱਮ. ਅਰਵਿੰਦਰਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਅਸੁਰੱਖਿਅਤ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸਤਵਿੰਦਰ ਸਿੰਘ ਤਹਿਸੀਲਦਾਰ ਜ਼ੀਰਾ, ਪਰਮਪਾਲ ਸਿੰਘ ਨਾਇਬ ਤਹਿਸੀਲਦਾਰ, ਮਲੂਕ ਸਿੰਘ ਨਾਇਬ ਤਹਿਸੀਲਦਾਰ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।


author

Babita

Content Editor

Related News