120 ਸਾਲ ਪੁਰਾਣਾ ਸਫੈਦੇ ਦਾ ਦਰੱਖ਼ਤ ਡਿੱਗਿਆ

Tuesday, Feb 13, 2018 - 02:44 AM (IST)

ਹਰਿਆਣਾ, (ਰੱਤੀ, ਆਨੰਦ, ਰਾਜਪੂਤ)- ਹਰਿਆਣਾ-ਦਸੂਹਾ ਮੁੱਖ ਸੜਕ 'ਤੇ ਅੱਜ ਸਵੇਰੇ ਕਰੀਬ 8.45 ਵਜੇ, ਜਿਸ ਸਮੇਂ ਇਸ ਸੜਕ 'ਤੇ ਕਾਫ਼ੀ ਭੀੜ ਹੁੰਦੀ ਹੈ, ਉਸ ਸਮੇਂ ਹੀ ਸੜਕ ਕਿਨਾਰੇ ਖੜ੍ਹਾ ਕਰੀਬ 120 ਸਾਲ ਪੁਰਾਣਾ ਸਫੈਦੇ ਦਾ ਦਰਖ਼ਤ ਅਚਾਨਕ ਡਿੱਗ ਪਿਆ। ਜਿਸ ਕਾਰਨ ਜਿੱਥੇ ਸਾਰੀ ਸੜਕ ਬੰਦ ਹੋ ਗਈ, ਉੱਥੇ ਦੂਜੇ ਪਾਸੇ ਸਥਿਤ ਇਲਾਹਾਬਾਦ ਬੈਂਕ ਦੀ ਇਮਾਰਤ 'ਤੇ ਦਰਖ਼ਤ ਜਾ ਡਿੱਗਣ ਕਾਰਨ ਬੈਂਕ ਦਾ ਕਾਫ਼ੀ ਨੁਕਸਾਨ ਹੋ ਗਿਆ। ਬੈਂਕ ਮੈਨੇਜਰ ਰਮੇਸ਼ ਧੀਮਾਨ ਨੇ ਦੱਸਿਆ ਕਿ ਉਕਤ ਦਰਖ਼ਤ ਦੇ ਡਿੱਗਣ ਨਾਲ ਬੈਂਕ ਦਾ ਸਾਇਨ ਬੋਰਡ, 2 ਏ.ਸੀ. ਦੇ ਆਊਟ ਡੋਰ ਯੂਨਿਟ, ਟੀ.ਵੀ. ਸੈੱਟ ਦੀ ਛੱਤਰੀ, ਬੈਂਕ ਬਾਹਰ ਖੜ੍ਹਾ ਮੋਟਰਸਾਈਕਲ ਤੇ ਜਨਰੇਟਰ ਦੀ ਬਾੜੀ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਬਾਕੀ ਨੁਕਸਾਨ ਬਾਰੇ ਤਾਂ ਸਰਵੇਅਰ ਨੂੰ ਬੁਲਾਇਆ ਗਿਆ ਹੈ।
PunjabKesari
ਵਾਲ-ਵਾਲ ਬਚੇ ਰਾਹਗੀਰ ਤੇ ਵਾਹਨ : ਸਵੇਰੇ ਦੇ ਸਮੇਂ ਜਦੋਂ ਸਕੂਲ ਕਾਲਜਾਂ ਨੂੰ ਜਾਣ ਵਾਲੇ ਸਕੂਲੀ ਵਾਹਨਾਂ ਤੇ ਹੋਰ ਵਾਹਨਾਂ ਦੀ ਭੀੜ ਰਹਿੰਦੀ ਹੈ ਤੇ ਮੌਕੇ 'ਤੇ ਮੌਜੂਦ ਅੱਖੀਂ ਦੇਖਣ ਵਾਲਿਆਂ ਮੁਤਾਬਿਕ ਦਸੂਹਾ-ਹੁਸ਼ਿਆਰਪੁਰ ਰੂਟ ਦੀ ਇਕ ਨਿੱਜੀ ਕੰਪਨੀ ਦੀ ਬੱਸ ਕੇਵਲ ਕੁਝ ਮਿੰਟ ਪਹਿਲਾਂ ਹੀ ਇੱਥੋਂ ਨਿਕਲੀ ਸੀ। ਕਿਸਮਤ ਨਾਲ ਹੀ ਸਾਰੇ ਬੱਸ ਦੇ ਯਾਤਰੀ ਤੇ ਹੋਰ ਵਾਹਨਾਂ 'ਤੇ ਜਾ ਰਹੇ ਲੋਕ ਵਾਲ-ਵਾਲ ਬਚ ਗਏੇ। ਜੇਕਰ ਦਰਖ਼ਤ ਕਿਸੇ ਵਾਹਨ 'ਤੇ ਜਾ ਡਿੱਗਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।
ਬਿਜਲੀ ਦਾ ਖੰਭਾ ਵੀ ਟੁੱਟਿਆ : ਉਕਤ ਦਰਖ਼ਤ ਦੇ ਡਿੱਗਣ ਸਮੇਂ ਸੜਕ ਦੇ ਦੂਜੇ ਪਾਸੇ ਸਥਿਤ ਬਿਜਲੀ ਦਾ ਖੰਬਾ ਵੀ ਇਸ ਦੀ ਲਪੇਟ 'ਚ ਆ ਗਿਆ ਤੇ ਟੁੱਟ ਕੇ ਡਿੱਗ ਪਿਆ। ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਕੁੱਲ ਮਿਲਾ ਕੇ ਰਾਹਗੀਰਾਂ ਨੂੰ ਲੰਬੇ ਰਸਤੇ 'ਤੇ ਜਾਣਾ ਪਿਆ। ਤੇ ਖ਼ਬਰ ਲਿਖੇ ਜਾਣ ਤੱਕ ਸੜਕ ਤੋਂ ਦਰਖ਼ਤ ਹਟਾਇਆ ਨਹੀਂ ਜਾ ਸਕਿਆ।


Related News