ਫਗਵਾੜਾ ''ਚ ਸਰਗਰਮ ਹੋਇਆ ''ਕਾਲਾ ਕੱਛਾ'' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !

06/17/2024 12:03:59 AM

ਫਗਵਾੜਾ (ਜਲੋਟਾ)- ਫਗਵਾੜਾ ਦੀਆਂ ਗਲੀਆਂ-ਮੁਹੱਲਿਆਂ, ਪੌਸ਼ ਕਾਲੋਨੀਆਂ ਸਮੇਤ ਹਰ ਜਗ੍ਹਾਂ ਚੋਰ-ਲੁਟੇਰੇ ਸ਼ਰੇਆਮ ਘੁੰਮ ਰਹੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਚੋਰਾਂ ਦਾ ਅਗਲਾ ਨਿਸ਼ਾਨਾ ਕੌਣ ਹੈ? ਗੰਭੀਰ ਪਹਿਲੂ ਇਹ ਹੈ ਕਿ ਪਹਿਲਾਂ ਚੋਰ ਸ਼ਹਿਰੀ ਖੇਤਰਾਂ ’ਚ ਚੋਰੀਆਂ ਨੂੰ ਅੰਜ਼ਾਮ ਦਿੰਦੇ ਸਨ ਪਰ ਪਿਛਲੇ ਕੁੱਝ ਸਮੇਂ ’ਚ ਇਹ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਹੁਣ ਚੋਰਾਂ ਦਾ ਨਿਸ਼ਾਨਾ ਇੱਥੋਂ ਦੇ ਪੇਂਡੂ ਖੇਤਰ ਵੀ ਹਨ, ਜਿੱਥੇ ਹੁਣ ਸਮੇਂ-ਸਮੇਂ ’ਤੇ ਚੋਰੀਆਂ, ਲੁੱਟਾਂ-ਖੋਹਾਂ ਆਦਿ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ।

ਚੋਰਾਂ ਅਤੇ ਲੁਟੇਰਿਆਂ ਦੇ ਸਾਹਮਣੇ ਫਗਵਾੜਾ ਪੁਲਸ ਕਿੰਨੀ ਸਮਰੱਥ ਹੈ, ਇਸ ਦਾ ਸੱਚ ਕਿਸੇ ਤੋਂ ਲੁਕਿਆ ਨਹੀਂ ਹੈ, ਕਿਉਂਕਿ ਭਾਵੇਂ ਸੀਨੀਅਰ ਪੁਲਸ ਅਧਿਕਾਰੀ ਜਨਤਕ ਸੁਰੱਖਿਆ ਦੇ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਪਰ ਅਸਲੀਅਤ ਇਹ ਹੈ ਕਿ ਫਗਵਾੜਾ ਪੁਲਸ ਖੁਦ ਚੋਰਾਂ ਅਤੇ ਲੁਟੇਰਿਆਂ ਦੇ ਸਾਹਮਣੇ ਬੇਵੱਸ ਨਜ਼ਰ ਆਉਣ ਲੱਗੀ ਹੈ। ਸਥਿਤੀ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਹੁਣ ਪੁਲਸ ਵਿਭਾਗ ਚੋਰਾਂ ਅਤੇ ਲੁਟੇਰਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਹਜ਼ਾਰਾਂ ਰੁਪਏ ਦਾ ਇਨਾਮ ਦੇਣ ਤੱਕ ਦਾ ਐਲਾਨ ਕਰ ਰਿਹਾ ਹੈ ਪਰ ਤ੍ਰਾਸਦੀ ਇਹ ਹੈ ਕਿ ਇਸ ਤੋਂ ਬਾਅਦ ਵੀ ਨਤੀਜਾ ਜ਼ੀਰੋ ਹੀ ਚੱਲ ਰਿਹਾ ਹੈ। ਇਸ ਦਾ ਇਕ ਸਪੱਸ਼ਟ ਉਦਾਹਰਣ ਹਾਲ ਹੀ ਵਿਚ ਖੇਤਰ ਵਿਚ ਪਰਤਿਆ ਕਾਲਾ ਕੱਛਾ ਗਿਰੋਹ ਹੈ।

ਜ਼ਿਕਰਯੋਗ ਹੈ ਕਿ ਕਾਲਾ ਕੱਛਾ ਗਿਰੋਹ ਨੇ ਫਗਵਾੜਾ ’ਚ ਦਸਤਕ ਦਿੱਤੀ ਹੈ, ਜਿਸ ਨੇ ਕੁਝ ਵਾਹਨ ਚੋਰੀ ਕੀਤੇ ਸਨ। ਇਸ ਸਬੰਧ ਵਿਚ ਪੁਲਸ ਵੱਲੋਂ ਆਨ-ਰਿਕਾਰਡ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਉਕਤ ਖ਼ਤਰਨਾਕ ਗਿਰੋਹ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈਆਂ ਹਨ। ਇਸ ਸਭ ਨੂੰ ਵਾਪਰੇ ਕਈ ਦਿਨ ਹੋ ਗਏ ਹਨ ਪਰ ਉਕਤ ਗਿਰੋਹ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ, ਪੁਲਸ ਗੈਂਗ ਦੇ ਲੁਟੇਰਿਆਂ ਦੀ ਅਸਲ ਪਛਾਣ ਤੱਕ ਇਕੱਠੀ ਨਹੀਂ ਕਰ ਪਾ ਰਹੀ ਹੈ? ਸੱਚਾਈ ਇਹੋ ਹੈ ਕਿ ਕਾਲਾ ਕੱਛਾ ਗੈਂਗ ਨੂੰ ਫੜਨ ਦੇ ਮਾਮਲੇ ’ਚ ਪੁਲਸ ਅਧਿਕਾਰੀਆਂ ਦੇ ਹੱਥ ਪੂਰੀ ਤਰ੍ਹਾਂ ਨਾਲ ਖਾਲੀ ਹਨ।

PunjabKesari

ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ

ਦੂਜੇ ਪਾਸੇ ਇਸ ਗਿਰੋਹ ਨੂੰ ਲੈ ਕੇ ਲੋਕਾਂ ’ਚ ਕਾਫੀ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਇਸ ਗਿਰੋਹ ਨੇ ਫਗਵਾੜਾ ’ਚ ਦਹਿਸ਼ਤ ਫੈਲਾ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਭਾਵੇਂ ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਸੱਚਾਈ ਕਿ ਪੁਲਸ ਨਾਕਿਆਂ ਨਾਂ ਦੀ ਚੀਜ਼ ਹੁਣ ਫਗਵਾੜਾ ਤੋਂ ਬੀਤੇ ਲੰਬੇ ਸਮੇਂ ਤੋਂ ਲਗਭਗ ਗਾਇਬ ਹੋ ਕੇ ਰਹਿ ਗਈ ਹੈ ਅਤੇ ਰਾਤ ਨੂੰ ਚੈਕਿੰਗ ਕਰਨਾ ਤਾਂ ਦੂਰ ਦੀ ਗੱਲ ਹੈ, ਕੋਈ ਵੀ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਕਿਸੇ ਵੀ ਸੜਕ ’ਤੇ ਰਾਤ ਦੀ ਡਿਊਟੀ ਕਰਦਾ ਨਜ਼ਰ ਤੱਕ ਨਹੀਂ ਆਉਂਦਾ? ਇਸ ਤੋਂ ਇਲਾਵਾ ਐਂਟਰੀ ਪੁਆਇੰਟ ਵੀ ਸੁੰਨਸਾਨ ਹਨ।

ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲਸ ਅਧਿਕਾਰੀ ਰਾਤ ਦੇ ਸਮੇਂ ਨਾਇਟ ਡੋਮੀਨੇਸ਼ ਮੁਹਿੰਮ ਚਲਾਉਂਦੇ ਹਨ? ਇਹ ਮੁਹਿੰਮ ਕਿੱਥੇ ਅਤੇ ਕਿਵੇਂ ਚਲਾਈ ਜਾ ਰਹੀ ਹੈ, ਇਹ ਆਮ ਆਦਮੀ ਨੂੰ ਤਾਂ ਪਤਾ ਨਹੀਂ ਲਗ ਰਹੀ ਹੈ। ਸ਼ਾਇਦ ਰਾਤ ਨੂੰ ਪੁਲਸ ਅਧਿਕਾਰੀਆਂ ਨੇ ਲੋਕਾਂ ਦੀ ਸੁਰੱਖਿਆ ਲਈ ਜੋ ਸਡ਼ਕਾਂ ਆਦਿ ’ਤੇ ਪੁਲਸ ਨਾਕੇ ਆਦਿ ਸਥਾਪਤ ਕੀਤੇ ਹਨ, ਉੱਥੇ ਬਾਲੀਵੁੱਡ ਦੀ ਮਸ਼ਹੂਰ ਹਿੰਦੀ ਫਿਲਮ ਮਿਸਟਰ ਇੰਡੀਆ ਜਿਸ ’ਚ ਸੁਪਰਸਟਾਰ ਅਨਿਲ ਕਪੂਰ ਨੇ ਮਿਸਟਰ ਇੰਡੀਆ ਦਾ ਕਿਰਦਾਰ ਨਿਭਾਇਆ ਸੀ ਵਾਂਗ ਡਿਉਟੀ ਕਰਦੇ ਹੋਣ? ਕਿਉਂਕਿ ਫਿਲਮ ਮਿਸਟਰ ਇੰਡੀਆ ’ਚ ਵੀ ਅਨਿਲ ਕਪੂਰ ਆਮ ਆਦਮੀ ਨੂੰ ਤਾਂ ਨਜ਼ਰ ਨਹੀਂ ਆਉਦੇ ਸਨ।

ਗਿਰੋਹ ਦੀ ਜਾਣਕਾਰੀ ਦੇਣ ਵਾਲੇ ਨੂੰ ਪੁਲਸ ਵੱਲੋਂ 50 ਹਜ਼ਾਰ ਰੁਪਏ ਦਾ ਇਨਾਮ
ਕਾਲਾ ਕੱਛਾ ਗੈਂਗ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਹੁਣ ਜ਼ਿਲ੍ਹਾ ਕਪੂਰਥਲਾ ਪੁਲਸ ਨੇ ਇਸ ਗਿਰੋਹ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੋ ਵੀ ਇਸ ਬਾਰੇ ਜਾਣਕਾਰੀ ਦੇਵੇਗਾ, ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਬਿਨਾਂ ਸ਼ੱਕ ਇਹ ਕੋਸ਼ਿਸ਼ ਸ਼ਲਾਘਾਯੋਗ ਹੈ ਪਰ ਤਸਵੀਰ ਦਾ ਦੂਜਾ ਹੈਰਾਨੀਜ਼ਨਕ ਪਹਿਲੂ ਇਹ ਹੈ ਕਿ ਫਗਵਾੜਾ ਪੁਲਸ ਕੋਲ ਇਸ ਗਿਰੋਹ ਦੀਆਂ ਇਸ ਵਾਰ ਸੀ.ਸੀ.ਟੀ.ਵੀ. ਤਸਵੀਰਾਂ ਵੀ ਹਨ ਪਰ ਫਿਰ ਵੀ ਪੁਲਸ ਦੇ ਹੱਥ ਖਾਲੀ ਹਨ?

PunjabKesari

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਅਜਿਹੇ ’ਚ ਲੋਕਾਂ ’ਚ ਇਹ ਗੱਲ ਆਮ ਹੋ ਗਈ ਹੈ ਕਿ ਫਗਵਾੜਾ ’ਚ ਪੁਲਸ ਬੇਵੱਸ ਹੈ ਪੁਲਸ ਦੀ ਸਾਰੀ ਕਾਰਜਸ਼ੈਲੀ ਘਟਨਾ ਵਾਪਰਨ ਤੋਂ ਬਾਅਦ ਹੀ ਅਮਲ ’ਚ ਆਉਂਦੀ ਹੈ। ਚੰਗੀ ਪੁਲਸਿੰਗ ਦਾ ਦਾਅਵਾ ਕਰ ਕੇ ਕੰਮ ਕਰ ਰਹੀ ਜ਼ਿਲ੍ਹਾ ਕਪੂਰਥਲਾ ਪੁਲਸ ਇਕ ਪਾਸੇ ਕਾਲਾ ਕੱਛਾ ਗੈਂਗ ਦੀ ਗ੍ਰਿਫ਼ਤਾਰੀ ਲਈ ਹਜ਼ਾਰਾਂ ਰੁਪਏ ਦੇ ਇਨਾਮ ਦਾ ਐਲਾਨ ਕਰ ਰਹੀ ਹੈ ਪਰ ਦੂਜੇ ਪਾਸੇ ਪੁਲਸ ਸਿਸਟਮ ਖੁਦ ਕਿੰਨਾ ਚੌਕਸ ਅਤੇ ਸਾਵਧਾਨ ਹੈ ਇਸ ਦੀ ਪਰਖ ਸਿਰਫ ਇਸ ਤੱਥ ਤੋਂ ਸਾਬਤ ਹੋ ਜਾਂਦੀ ਹੈ ਕਿ ਸ਼ਾਮ ਤੋਂ ਬਾਅਦ ਇਥੇ ਕੋਈ ਵੀ ਅਜਿਹਾ ਪੁਲਸ ਨਾਕਾ ਨਹੀਂ ਹੋਵੇਗਾ, ਜੋ ਪੂਰੀ ਤਰ੍ਹਾਂ ਸੁੰਨਸਾਨ ਨਾ ਹੋਵੇ?

ਜੇਕਰ ਗਿਰੋਹ ਵੱਡੀ ਵਾਰਦਾਤ ਕਰਦੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਫਗਵਾੜਾ ’ਚ ਸਰਗਰਮ ਕਾਲਾ ਕੱਛਾ ਗਿਰੋਹ ਕਿਤੇ ਵੱਡੀ ਘਟਨਾ ਨੂੰ ਅੰਜ਼ਾਮ ਦਿੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਲੋਕਾਂ ਨੇ ਸਵਾਲ ਕੀਤਾ ਹੈ ਕਿ ਕੀ ਫਗਵਾੜਾ ਪੁਲਸ ਇਸ ਸਭ ਦੀ ਜ਼ਿੰਮੇਵਾਰੀ ਲਵੇਗੀ? ਕਿਉਂਕਿ ਕੋਈ ਨਹੀਂ ਜਾਣਦਾ ਕਿ ਉਕਤ ਗਿਰੋਹ ਹੁਣ ਕਦੋਂ ਕਿਸ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਏਗਾ।

ਲੋਕ ਬੋਲੇ : ਐੱਸ.ਐੱਸ.ਪੀ. ਅਤੇ ਐੱਸ.ਪੀ. ਮੈਡਮ ਕਰਨ ਵੱਡੀ ਪਹਿਲ
ਲੋਕਾਂ ਨੇ ਕਿਹਾ ਹੈ ਕਿ ਐੱਸ.ਐੱਸ.ਪੀ. ਕਪੂਰਥਲਾ ਵਤਸਲਾ ਗੁਪਤਾ ਅਤੇ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਲੋਕ ਹਿੱਤ ’ਚ ਵੱਡੀ ਪਹਿਲ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾ ਤਾਂ ਉਨ੍ਹਾਂ ਨੂੰ ਫਗਵਾੜਾ ਦੇ ਪੇਂਡੂ ਖੇਤਰਾਂ ’ਚ ਸਾਰੀਆਂ ਥਾਵਾਂ ’ਤੇ ਸਰਪੰਚਾਂ ਆਦਿ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਅਤੇ ਹਰ ਪਿੰਡ ’ਚ ਠੀਕਰੀ ਪਹਿਰੇ ਲਗਾਉਣੇ ਚਾਹੀਦੇ ਹਨ ਅਤੇ ਸ਼ਹਿਰੀ ਜ਼ੋਨ ’ਚ ਲੋਕਾਂ ਦਾ ਪੂਰਾ ਸਹਿਯੋਗ ਲੈਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੱਕੇ ਪੁਲਸ ਚੈਕਿੰਗ ਨਾਕੇ ਅਤੇ ਬੀਟ ਦਰ ਬੀਟ ਸ਼ਹਿਰ ’ਚ ਪੀ.ਸੀ.ਆਰ. ਪੁਲਸ ਦੇ ਦੱਸਤਿਆਂ ਦੀ ਗਸ਼ਤ ਅਤੇ ਫਗਵਾੜਾ ਸ਼ਹਿਤ ਦੇ ਅੰਦਰ ਪੱਕੀਆਂ ਸਥਾਈ ਪੁਲਸ ਚੈਕਿੰਗ ਪੋਸਟਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਚੋਰਾਂ-ਲੁਟੇਰਿਆਂ ਨੂੰ ਨੱਥ ਪਾਈ ਜਾ ਸਕੇ।

PunjabKesari

ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!

ਪੁਲਸ ਕੰਟਰੋਲ ਰੂਮ ’ਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਕਰਨ ਦੀ ਮੰਗ
ਲੋਕਾਂ ਦਾ ਕਹਿਣਾ ਹੈ ਕਿ ਐੱਸ.ਪੀ. ਫਗਵਾੜਾ ਦੇ ਦਫ਼ਤਰ ਵਿਖੇ ਸਥਾਪਤ ਆਧੁਨਿਕ ਪੁਲਸ ਕੰਟਰੋਲ ਰੂਮ ’ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਪੂਰਾ ਸ਼ਹਿਰ ਹੈ। ਪੁਲਸ ਪ੍ਰਣਾਲੀ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕਿਤੇ ਵੀ ਕੋਈ ਕੈਮਰਾ ਖ਼ਰਾਬ ਨਾ ਹੋਵੇ ਅਤੇ ਇਨ੍ਹਾਂ ਸਾਰੇ ਕੈਮਰਿਆਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News