ਬਟਾਲਾ ਪੁਲਸ ਨੇ ਨਾਜਾਇਜ਼ ਹਥਿਆਰ ਰੱਖਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 5 ਪਿਸਤੌਲ ਸਣੇ 2 ਸਕੇ ਭਰਾ ਗ੍ਰਿਫਤਾਰ
Saturday, Jun 08, 2024 - 03:55 PM (IST)

ਬਟਾਲਾ/ਕਿਲਾ ਲਾਲ ਸਿੰਘ (ਬੇਰੀ, ਭਗਤ)-ਬਟਾਲਾ ਪੁਲਸ ਨੇ ਰੰਜਿਸ਼ ਤਹਿਤ ਜਾਨ ਤੋਂ ਮਾਰਨ ਦੀ ਨੀਅਤ ਨਾਲ ਇਕ ਨੌਜਵਾਨ ’ਤੇ ਗੋਲੀਆਂ ਚਲਾਉਣ ਅਤੇ ਨਾਜਾਇਜ਼ ਹਥਿਆਰ ਰੱਖਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਸਕੇ ਭਰਾਵਾਂ ਨੂੰ 5 ਪਿਸਤੌਲਾਂ ਅਤੇ 10 ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਲਾਈਨ ਬਟਾਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਫਤਿਹਗਡ੍ਹ ਚੂੜੀਆਂ ਖੁਸ਼ਬੀਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਮਦਨ ਮਸੀਹ ਪੁੱਤਰ ਨਿਆਮਤ ਮਸੀਹ ਵਾਸੀ ਡਾਲੇ ਚੱਕ ਥਾਣਾ ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਮਿਤੀ 6 ਜੂਨ ਨੂੰ ਵਕਤ ਕਰੀਬ ਰਾਤ 9:30 ਵਜੇ ਉਹ ਅਤੇ ਉਸਦਾ ਭਰਾ ਗੋਪੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੰਦੂਮੰਝ ’ਚ ਮਸੀਹ ਕਨਵੈਨਸ਼ਨ ’ਚ ਭਾਗ ਲੈਣ ਲਈ ਗਏ ਸਨ ਕਿ ਉਹ ਪਿੰਡ ਚੰਦੂ ਮੰਝ ਦੇ ਬਾਹਰ ਸੜਕ ’ਤੇ ਲੱਗੀ ਛਬੀਲ ਤੋਂ ਪਾਣੀ ਪੀ ਰਿਹਾ ਸੀ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)
ਇਸ ਦੌਰਾਨ ਪਰਮਬੀਰ ਸਿੰਘ ਉਰਫ ਨਾਨਕ ਅਤੇ ਉਸਦਾ ਭਰਾ ਸੁੰਦਰ ਸਿੰਘ ਦੋਵੇਂ ਵਾਸੀ ਚੰਦੂ ਮੰਝ ਅਤੇ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਇਸ ਦੌਰਾਨ ਪਰਮਬੀਰ ਸਿੰਘ ਨੇ ਆਪਣੇ ਦਸਤੀ ਪਿਸਤੌਲ ਨਾਲ ਉਸਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲੀ ਚੱਲਾ ਦਿੱਤੀ, ਜੋ ਉਸਦੇ ਸੱਜੇ ਪੱਟ ’ਤੇ ਜਾ ਲੱਗੀ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਸੁੰਦਰ ਸਿੰਘ ਨੇ ਆਪਣੇ ਪਿਸਤੌਲ ਨਾਲ ਲਗਾਤਾਰ 2 ਗੋਲੀਆਂ ਉਸ ’ਤੇ ਚਲਾਈਆਂ, ਜੋ ਉਸਦੀ ਛਤੀ ਦੇ ਸੱਜੇ ਪਾਸੇ ਜਾ ਲੱਗੀਆਂ। ਇਸ ਤੋਂ ਬਾਅਦ ਪਰਮਬੀਰ ਸਿੰਘ ਨੇ ਆਪਣੇ ਪਿਸਤੌਲ ਨਾਲ 2 ਗੋਲੀਆਂ ਉਸ ’ਤੇ ਚਲਾਈਆਂ, ਜੋ ਉਸਦੇ ਨਲਾਂ ਅਤੇ ਇਕ ਗੋਲੀ ਉਸਦੇ ਚੂਲੇ ’ਤੇ ਜਾ ਲੱਗੀ। ਉਸ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਸਨੇ ਦੱਸਿਆ ਕਿ ਉਸਦੇ ਭਰਾ ਗੋਪੀ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਉਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਡੀ. ਐੱਸ. ਪੀ. ਖੁਸ਼ਬੀਰ ਕੌਰ ਨੇ ਦੱਸਿਆ ਕਿ ਪੁਲਸ ਵੱਲੋਂ ਮਦਨ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ 2 ਪਛਾਤੇ ਅਤੇ 3 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਉਕਤ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਦੇ ਨਿਰਦੇਸ਼ਾਂ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਰਮਨਿੰਦਰ ਸਿੰਘ ਦੀ ਨਿਗਰਾਨੀ ਹੇਠ ਉਨ੍ਹਾਂ ਵੱਲੋਂ ਸੀ. ਆਈ. ਏ. ਸਟਾਫ ਬਟਾਲਾ ਅਤੇ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਫ਼ਲਤਾ ਹਾਸਲ ਕਰਦੇ ਹੋਏ ਪਰਮਬੀਰ ਸਿੰਘ ਅਤੇ ਉਸਦੇ ਭਰਾ ਸੁੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ ਇਕ ਪਿਸਤੌਲ 30 ਬੋਰ ਅਤੇ 2 ਜ਼ਿੰਦਾ ਰੌਂਦ 30 ਬੋਰ ਅਤੇ 4 ਪਿਸਤੌਲ 32 ਬੋਰ ਅਤੇ 8 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਰਮਬੀਰ ਸਿੰਘ ਦੇ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਵੱਖ-ਵੱਖ ਧਾਰਾਵਾਂ ਤਹਿਤ 10 ਕੇਸ ਅਤੇ ਸੁੰਦਰ ਸਿੰਘ ਦੇ ਵਿਰੁੱਧ ਵੀ ਵੱਖ-ਵੱਖ ਥਾਣਿਆਂ ’ਚ 5 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅਦਾਲਤ ਤੋਂ ਉਕਤ ਵਿਅਕਤੀਆਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਪਾਸੋਂ ਹੋਰ ਖੁਲਾਸੇ ਹੋ ਸਕਣ। ਇਸ ਮੌਕੇ ਸੀ. ਆਈ. ਏ. ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ, ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਸਤਪਾਲ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੈਰ 'ਤੇ ਮੋਟਰਸਾਈਕਲ ਚੜ੍ਹਾਉਣ 'ਤੇ ਛਿੜਿਆ ਵਿਵਾਦ, ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8