ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ DIG ਜਲੰਧਰ ਰੇਂਜ ਨੇ ਲਿਆ ਸਖ਼ਤ ਨੋਟਿਸ

Monday, Jun 17, 2024 - 05:45 PM (IST)

ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ DIG ਜਲੰਧਰ ਰੇਂਜ ਨੇ ਲਿਆ ਸਖ਼ਤ ਨੋਟਿਸ

ਫਗਵਾੜਾ (ਜਲੋਟਾ)-ਫਗਵਾੜਾ ਵਿਖੇ ਪਿੰਡ ਡੁਮੇਲੀ ’ਚ ਕੁਝ ਲੋਕਾਂ ਵੱਲੋਂ ਪੰਜਾਬ ’ਚ ਟਰੈਕਟਰ ਦੌੜਾਂ ਨੂੰ ਪੁਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਐਲਾਨੇ ਜਾਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਆਯੋਜਿਤ ਕੀਤੀਆਂ ਗਈਆਂ ਟਰੈਕਟਰ ਦੌੜਾਂ ਦੇ ਗੰਭੀਰ ਮਾਮਲੇ ’ਚ ਪੁਲਸ ਨੇ ਕਰੀਬ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਐਤਵਾਰ ਫਗਵਾੜਾ ਪਹੁੰਚੇ ਡੀ. ਆਈ. ਜੀ. ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਦਾ ਬੇਹੱਦ ਸਖ਼ਤ ਨੋਟਿਸ ਲੈਂਦਿਆਂ ਮਾਮਲੇ ’ਚ ਸਖ਼ਤ ਪੁਲਸ ਕਾਰਵਾਈ ਦਾ ਐਲਾਨ ਕੀਤਾ ਹੈ। ਡੀ. ਆਈ. ਜੀ. ਗਿੱਲ ਨੇ ਕਿਹਾ ਕਿ ਜੇਕਰ ਕਿਤੇ ਵੀ ਕਾਨੂੰਨ ਦੇ ਉਲਟ ਕੁਝ ਵਾਪਰਦਾ ਹੈ ਤਾਂ ਕਾਨੂੰਨ ਤਹਿਤ ਸਖ਼ਤ ਪੁਲਸ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੀ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ‘ਜਗ ਬਾਣੀ’ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦਾ ਬਤੌਰ ਐੱਸ. ਐੱਸ. ਪੀ. ਉਨ੍ਹਾਂ ਬੇਹੱਦ ਸਖ਼ਤ ਨੋਟਿਸ ਲਿਆ ਹੈ ਅਤੇ ਜ਼ਿਲਾ ਪੁਲਸ ਸਖਤ ਕਾਰਵਾਈ ਕਰਨ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਥਾਣਾ ਰਾਵਲਪਿੰਡੀ ਦੇ ਐੱਸ. ਐੱਚ. ਓ. ਲਾਭ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਥਾਣਾ ਰਾਵਲਪਿੰਡੀ ਵਿਖੇ ਸੁਖਵਿੰਦਰ ਸਿੰਘ, ਤੀਰਥ ਸਿੰਘ, ਦੀਪਾ, ਸਾਮਾ ਗੜੀਆ ਪੰਚ, ਤਨਵੀਰ ਸਿੰਘ, ਮੀਤਾ, ਬੂਟਾ, ਬਿੱਟਾ, ਰੂਪਾ, ਸੁਖਦੇਵ ਸਿੰਘ ਅਤੇ ਬਿਛੱਤਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਜਾਂਚ ਜਾਰੀ ਹੈ।

PunjabKesari

ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ

ਬੇਕਾਬੂ ਟਰੈਕਟਰ ਦੀ ਲਪੇਟ ’ਚ ਆਉਣ ਨਾਲ 3 ਬੱਚਿਆਂ ਸਮੇਤ ਅੱਧੀ ਦਰਜਨ ਤੋਂ ਵੱਧ ਲੋਕ ਹੋਏ ਜ਼ਖਮੀ
ਜ਼ਿਕਰਯੋਗ ਹੈ ਕਿ ਫਗਵਾੜਾ ਦੇ ਪਿੰਡ ਡੁਮੇਲੀ ਵਿਖੇ ਉਸ ਸਮੇਂ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪਿੰਡ ਵਿਚ ਬਿਨਾਂ ਕਿਸੇ ਸਰਕਾਰੀ ਇਜਾਜ਼ਤ ਦੇ ਵੱਡੇ ਪੱਧਰ ’ਤੇ ਆਯੋਜਿਤ ਕੀਤੀ ਗਈ ਟਰੈਕਟਰ ਦੌੜ ਦੌਰਾਨ ਇਕ ਟਰੈਕਟਰ ਦੇ ਬੇਕਾਬੂ ਹੋਣ ਤੋਂ ਬਾਅਦ ਇਸਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 3 ਬੱਚਿਆਂ ਸਮੇਤ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਉੱਧਰ, ਮਾਮਲੇ ਦੀ ਸੂਚਨਾ ਮਿਲਦੇ ਹੀ ਉਕਤ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਬਣੀ ਰਹੀ ਫਗਵਾੜਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਲਦਬਾਜ਼ੀ ’ਚ ਸੀਨੀਅਰ ਪੁਲਸ ਅਧਿਕਾਰੀ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਇਹ ਸਮਾਗਮ ਕਿਸ ਨੇ ਅਤੇ ਕਿਵੇਂ ਆਯੋਜਿਤ ਕੀਤਾ ਹੈ।

4 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਤੇ 3 ਟਰੈਕਟਰ ਕੀਤੇ ਜ਼ਬਤ : ਡੀ. ਐੱਸ. ਪੀ.
ਫਗਵਾੜਾ ਦੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਜੋ ਹੋਇਆ ਹੈ, ਉਹ ਕਾਨੂੰਨ ਦੇ ਬਿਲਕੁਲ ਉਲਟ ਹੈ। ਪੰਜਾਬ ਵਿਚ ਟਰੈਕਟਰ ਦੌੜਾਂ ਕਰਾਉਣ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ ਅਤੇ ਉਨ੍ਹਾਂ ਨੂੰ ਇਸ ਸਮਾਗਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕੀ ਟਰੈਕਟਰ ਦੌੜਾਂ ਕਰਾਉਣ ਲਈ ਕਿਸੇ ਵੀ ਕਮੇਟੀ ਜਾਂ ਵਿਅਕਤੀ ਨੇ ਕਿਸੇ ਵੀ ਪੱਧਰ ’ਤੇ ਫਗਵਾੜਾ ਪੁਲਸ ਜਾਂ ਪ੍ਰਸ਼ਾਸਨ ਤੋਂ ਸਰਕਾਰੀ ਤੌਰ ’ਤੇ ਇਜਾਜ਼ਤ ਨਹੀਂ ਲਈ ਹੈ?

PunjabKesari
ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਦੌੜਾਂ ਦੌਰਾਨ ਇਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਇਸਨੇ ਲੋਕਾਂ ਦੀ ਭੀੜ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਬੱਚਿਆਂ ਸਮੇਤ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹੁਣ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ 4 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ 3 ਟਰੈਕਟਰ ਜ਼ਬਤ ਕੀਤੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਵੱਲੋਂ ਮਾਮਲੇ ਸਬੰਧੀ ਐੱਫ਼. ਆਈ. ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਪੁਲਸ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ

ਵਾਹ! ਇਹ ਕਿਹੋ ਜਿਹੀ ਫਗਵਾੜਾ ਪੁਲਸ ਦੀ ਅਜੀਬ ਦਲੀਲ ਹੈ?
ਫਗਵਾੜਾ ਪੁਲਸ ਦੇ ਅਧਿਕਾਰੀਆਂ ਦੀ ਦਲੀਲ ਹੈ ਕਿ ਪੁਲਸ ਨੂੰ ਪਿੰਡ ਡੁਮੇਲੀ ’ਚ ਹੋ ਰਹੀ ਟਰੈਕਟਰਾਂ ਦੀ ਰੇਸ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਹੀ ਨਹੀਂ ਸੀ ਅਤੇ ਇਹ ਸਭ ਕੁੱਝ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਸੀ ਪਰ ਸੌ ਸਵਾਲਾਂ ਦਾ ਇਕੋ ਸਵਾਲ ਇਹੋ ਹੈ ਕਿ ਕਿ ਪੁਲਸ ਦੀ ਇਹ ਦਲੀਲ ਸੱਚਮੁੱਚ ਵਾਜਬ ਹੈ?
ਕੀ ਫਗਵਾੜਾ ਪੁਲਸ, ਪ੍ਰਸ਼ਾਸਨ ਅਤੇ ਇੱਥੋਂ ਤੱਕ ਕਿ ਖ਼ੁਫ਼ੀਆ ਵਿਭਾਗ ਵੀ ਇਸ ਸਾਰੇ ਮਾਮਲੇ ’ਚ ਹਕੀਕਤ ’ਚ ਇੰਨੀ ਅਣਜਾਣ ਸੀ ਕਿ ਪਿੰਡ ਡੁਮੇਲੀ ਵਿਖੇ ਇੰਨਾ ਵੱਡਾ ਸਮਾਗਮ ਹੋ ਰਿਹਾ ਸੀ, ਜੋਕਿ ਫਗਵਾੜਾ ਅਤੇ ਆਸ-ਪਾਸ ਦੇ ਸੈਂਕੜੇ ਪਿੰਡਾਂ ਸਮੇਤ ਹੋਰ ਸ਼ਹਿਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਪੁਲਸ, ਪ੍ਰਸ਼ਾਸਨ ਅਤੇ ਖ਼ੁਫ਼ੀਆ ਤੰਤਰ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਪਿੰਡ ਵਿਚ ਇੰਨੇ ਵੱਡੇ ਪੱਧਰ ’ਤੇ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ’ਤੇ ਸਰਕਾਰ ਨੇ ਸਖਤ ਪਾਬੰਦੀ ਲਗਾਈ ਹੋਏ ਹੈ?

ਕੀ ਇਹ ਸੰਭਵ ਹੈ?

ਪਰ ਜੇ ਪੁਲਸ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਤਾਂ ਫਿਰ ਕੀ ਕਹਿਣਾ ਹੈ ਪਰ ਆਮ ਜਨਤਾ ਦਾ ਕਹਿਣਾ ਹੈ ਕਿ ਇਹ ਸਭ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਭਰੋਸੇਯੋਗਤਾ ਬਚਾਉਣ ਲਈ ਕਿਹਾ ਜਾ ਰਿਹਾ ਹੈ। ਨਹੀਂ ਤਾਂ ਪੁਲਸ, ਪ੍ਰਸ਼ਾਸਨ ਅਤੇ ਖ਼ੁਫ਼ੀਆ ਵਿਭਾਗ ਨੂੰ ਤਾਂ ਇਹ ਵੀ ਪਤਾ ਰਹਿੰਦਾ ਕਿ ਕਿਸ ਪਿੰਡ ਦੇ ਕਿਸ ਕੌਨੇ ’ਚ ਕੀ ਹੋ ਰਿਹਾ ਹੈ।
 

ਇਹ ਵੀ ਪੜ੍ਹੋ- ਫਗਵਾੜਾ 'ਚ ਵਾਪਰਿਆ ਵੱਡਾ ਹਾਦਸਾ, ਟਰੈਕਟਰਾਂ ਦੀ ਰੇਸ ਦੌਰਾਨ ਪਲਟਿਆ ਟਰੈਕਟਰ, ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News