ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ''ਤੇ ਭੇਜਿਆ ਥਾਈਲੈਂਡ, ਠੱਗੇ 5 ਲੱਖ
Monday, Dec 04, 2017 - 03:04 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਵਰਕ ਪਰਮਿਟ ਦੀ ਬਜਾਏ ਟੂਰਿਸਟ ਵੀਜ਼ੇ 'ਤੇ ਇਕ ਲੜਕੇ ਨੂੰ ਵਿਦੇਸ਼ ਭੇਜ ਕੇ 5 ਲੱਖ ਰੁਪਏ ਠੱਗਣ 'ਤੇ ਇਕ ਔਰਤ ਸਣੇ 2 ਵਿਅਕਤੀਆਂ 'ਤੇ ਥਾਣਾ ਸਿਟੀ ਬਰਨਾਲਾ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਬਰਨਾਲਾ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦੀਵਾਨਾ ਨੇ ਪੁਲਸ ਨੂੰ ਦਰਖਾਸਤ ਦਿੱਤੀ ਹੈ ਕਿ ਬਲਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਰਨਾਲਾ, ਜੋ ਕਰਾਊਨ ਈਸਟ ਇੰਗਲਿਸ਼ ਪਲੇਨੈੱਟ ਐੱਲ. ਐੱਲ. ਪੀ. ਕੋਰਟ ਰੋਡ ਨੇੜੇ ਐੱਸ. ਡੀ. ਕਾਲਜ ਫਾਟਕ ਬਰਨਾਲਾ ਦੇ ਨਾਂ 'ਤੇ ਵਿਦੇਸ਼ ਭੇਜਣ ਦਾ ਸੈਂਟਰ ਚਲਾਉਂਦਾ ਹੈ, ਨੇ ਸ਼ਿਕਾਇਤਕਰਤਾ ਦੇ ਲੜਕੇ ਬੂਟਾ ਸਿੰਘ ਨੂੰ ਥਾਈਲੈਂਡ 'ਚ ਵਰਕ ਪਰਮਿਟ 'ਤੇ ਭੇਜਣ ਦੀ ਬਜਾਏ ਟੂਰਿਸਟ ਵੀਜ਼ੇ 'ਤੇ ਥਾਈਲੈਂਡ ਭੇਜ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਜਸਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਅਤੇ ਬਲਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਰਨਾਲਾ ਨੇ ਉਨ੍ਹਾਂ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
