ਕੈਨੇਡਾ ਭੇਜਣ ਦੇ ਨਾਮ ਉਪਰ 15 ਲੱਖ ਦੀ ਠੱਗੀ, ਤਿੰਨ ਨਾਮਜ਼ਦ
Thursday, Jan 01, 2026 - 04:15 PM (IST)
ਤਰਨਤਾਰਨ (ਰਮਨ) : ਕੈਨੇਡਾ ਭੇਜਣ ਦੇ ਨਾਮ ਉਪਰ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ਵਿਚ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਦੀ ਪੁਲਸ ਵੱਲੋਂ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਡਿਟੈਕਟਿਵ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਵੱਲੋਂ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਡੀ.ਐੱਸ.ਪੀ ਜਗਜੀਤ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗਲੀ ਬਾਊ ਮਲ ਵਾਲੀ ਨੂਰਦੀ ਰੋਡ ਤਰਨਤਾਰਨ ਵੱਲੋਂ ਜ਼ਿਲੇ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ ਸੀ ਕਿ ਉਸ ਨੂੰ ਕੈਨੇਡਾ ਭੇਜਣ ਦੇ ਨਾਮ ਉਪਰ 15 ਲੱਖ ਰੁਪਏ ਦੀ ਠੱਗੀ ਕੁਝ ਵਿਅਕਤੀਆਂ ਵੱਲੋਂ ਮਾਰੀ ਗਈ ਹੈ। ਡੀ.ਐੱਸ.ਪੀ ਜਗਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਦਫਤਰ ਤੋਂ ਮਾਰਕ ਹੋਈ ਸ਼ਿਕਾਇਤ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਬਤ ਹੁੰਦੀ ਪਾਈ ਗਈ ਹੈ ਕਿ ਮਨੀਸ਼ਾ, ਹਰਪ੍ਰੀਤ ਸਿੰਘ ਅਤੇ ਰਕੇਸ਼ ਰਾਖੀ ਨਿਵਾਸੀ ਫੇਸ ਵਨ ਮੋਹਾਲੀ ਵੱਲੋਂ ਕੈਨੇਡਾ ਭੇਜਣ ਦੇ ਨਾਮ ਉਪਰ 15 ਲੱਖ ਰੁਪਏ ਆਪਣੇ ਖਾਤੇ ਵਿਚ ਆਨਲਾਈਨ ਟਰਾਂਸਫਰ ਕਰਵਾਏ ਗਏ ਹਨ। ਜਿਸ ਦੇ ਸਬੰਧ ਵਿਚ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਏ.ਐੱਸ.ਆਈ ਜਸਬੀਰ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
