ਤਹਿਸੀਲ ਕੰਪਲੈਕਸ ਦੇ ਪਖਾਨਿਆਂ ਦੀ ਹਾਲਤ ਮੰਦੀ, ਗੰਦਗੀ ਅਤੇ ਬਦਬੂ ਦੀ ਭਰਮਾਰ

Wednesday, Jun 27, 2018 - 06:39 AM (IST)

ਤਹਿਸੀਲ ਕੰਪਲੈਕਸ ਦੇ ਪਖਾਨਿਆਂ ਦੀ ਹਾਲਤ ਮੰਦੀ, ਗੰਦਗੀ ਅਤੇ ਬਦਬੂ ਦੀ ਭਰਮਾਰ

ਵੈਰੋਵਾਲ,   (ਗਿੱਲ)–   ਇਥੇ ਇਕ ਪਾਸੇ ਸਰਕਾਰ ਅਤੇ ਜ਼ਿਲੇ ਦੇ ਉੱਚ ਅਧਿਕਾਰੀਆਂ ਵੱਲੋਂ ਸਰਕਾਰ ਦੀਆਂ ਚਲਾਈਆਂ ਲੋਕ ਭਲਾਈ ਅਤੇ ਜਾਗਕੂਰਤਾ ਸਕੀਮਾਂ ਨੂੰ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਤੱਕ ਪਹੁੰਚਣ ਲਈ ਥਾਂ-ਥਾਂ ’ਤੇ ਸੈਮੀਨਾਰ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ ਲੋਕਾਂ ਨੂੰ ਖੁੱਲ੍ਹੇ ’ਚ ਸੌਚ ਜਾਣ ਦੇ ਨੁਕਸਾਨ ਅਤੇ ਬੀਮਾਰੀਆਂ ਫੈਲਣ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਤਹਿਸੀਲ ਕੰਪਲੈਕਸ ਖਡੂਰ ਸਾਹਿਬ ’ਚ ਲੋਕਾਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਥੋਂ ਦੇ ਕਰਮਚਾਰੀ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਜਾਂ ਫਿਰ ਉਹ ਇਕ ਕੰਨ ਤੋਂ ਸੁਣ ਕੇ ਦੂਜੇ ਤੋਂ ਕੱਢ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਆਪਣੇ ਏ. ਸੀ. ਦਫਤਰ ਨਾਲ ਅਟੈਚ ਬਣੇ ਸਾਫ-ਸੁਥਰੇ ਪਖਾਨਿਆਂ ਦੀ ਸਫਾਈ ਹੋਣ ਤੱਕ ਹੀ ਮਤਲਬ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਇਲਾਕੇ ਦੇ ਲੋਕ, ਜੋ ਤਹਿਸੀਲ ’ਚ ਕੰਮ ਕਰਵਾਉਣ ਲਈ ਆਏ ਹੋਏ ਸਨ, ਉਨ੍ਹਾਂ ਦੇ ਕਹਿਣ ’ਤੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਆਮ ਜਨਤਾ ਦੀ ਸਹੂਲਤ ਲਈ ਤਹਿਸੀਲ ਕੰਪਲੈਕਸ ’ਚ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੇ ਪਖਾਨੇ ਬਣਾਏ ਤਾਂ ਜ਼ਰੂਰ  ਗਏ ਹਨ ਪਰ ਇਥੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਲਾਪ੍ਰਵਾਹੀ ਕਰ ਕੇ ਇਨ੍ਹਾਂ ਦੀ ਸਾਫ-ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਉਨ੍ਹਾਂ ਦੀ ਸਫਾਈ ਕਈ ਮਹੀਨਿਆਂ ਤੋਂ ਨਹੀਂ ਕੀਤੀ ਗਈ ਅਤੇ ਉਨ੍ਹਾਂ ’ਚ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਪਖਾਨਿਅਾਂ ’ਚੋਂ ਇੰਨੀ ਗੰਦੀ ਬਦਬੂ ਆ ਰਹੀ ਹੈ ਕਿ ਉਨ੍ਹਾਂ ਦੀ ਵਰਤੋਂ ਕਰਨਾ ਤਾਂ ਦੂਰ ਦੀ ਗੱਲ, ਉਥੇ ਦੋ ਪਲ ਰੁਕਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਜੇਕਰ ਲੋਕ ਮਜਬੂਰੀ ਵੱਸ ਇਨ੍ਹਾਂ ਪਖਾਨਿਅਾਂ ਦੀ ਭੁਲੇਖੇ ਨਾਲ  ਵੀ ਵਰਤੋਂ ਕਰ ਲੈਣ ਤਾਂ ਪਾਣੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਖੁਦ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Related News