ਤਹਿਸੀਲ ਕੰਪਲੈਕਸ ''ਚ ਵਸੀਕੇ ਰਜਿ. ਨਾ ਹੋਣ ''ਤੇ ਭੜਕੇ ਲੋਕ ਨਾਇਬ ਤਹਿਸੀਲਦਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Wednesday, Sep 13, 2017 - 05:23 PM (IST)
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) – ਤਹਿਸੀਲ ਕੰਪਲੈਕਸ 'ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਨਾਇਬ ਤਹਿਸੀਲਦਾਰ ਵਲੋਂ ਰਜਿਸਟਰੀਆਂ ਨਾ ਕਰਨ 'ਤੇ ਤਹਿਸੀਲ 'ਚ ਮੌਜੂਦ ਸੈਂਕੜੇ ਹੀ ਲੋਕ ਭੜਕ ਉਠੇ ਅਤੇ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 5-6 ਦਿਨਾਂ ਤੋਂ ਰਜਿਸਟਰੀਆਂ ਨਹੀਂ ਹੋ ਰਹੀਆਂ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਤਹਿਸੀਲ 'ਚ ਮੌਜੂਦ ਲੋਕ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲੇ ਅਤੇ ਫੌਰੀ ਤੌਰ 'ਤੇ ਵਸੀਕੇ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਚਾਲੂ ਕਰਵਾਉਣ ਦੀ ਮੰਗ ਕੀਤੀ।
ਪਿਛਲੇ 5-5 ਦਿਨਾਂ ਤੋਂ ਬਾਹਰੋਂ ਆਏ ਰਿਸ਼ਤੇਦਾਰ ਰਜਿਸਟਰੀਆਂ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸੀਸ਼ਨ ਬਾਂਸਲ, ਸੁਰਿੰਦਰ ਬਿੱਟੂ, ਰਾਜੇਸ਼ ਕੁਮਾਰ ਰਾਜੂ ਨੇ ਕਿਹਾ ਕਿ ਤਹਿਸੀਲ 'ਚ ਪਿਛਲੇ ਪੰਜ ਛੇ ਦਿਨਾਂ ਤੋਂ ਰਜਿਸਟਰੀਆਂ ਨਹੀਂ ਹੋ ਰਹੀਆਂ। ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰ ਰਹੀ ਹੈ ਅਤੇ ਉਸ ਵਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਰਜਿਸਟਰੀਆਂ ਦੇ ਰੇਟ 10 ਪ੍ਰਤੀਸ਼ਤ ਘੱਟ ਕਰ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਰੇਟ ਘਟਣ ਦਾ ਨੋਟੀਫਿਕੇਸ਼ਨ ਫੌਰੀ ਤੌਰ 'ਤੇ ਲਾਗੂ ਕੀਤਾ ਗਿਆ ਹੈ। ਪਰ ਪਿਛਲੇ ਛੇ ਦਿਨਾਂ ਤੋਂ ਬਰਨਾਲਾ ਤਹਿਸੀਲ 'ਚ ਰਜਿਸਟਰੀਆਂ ਨਹੀਂ ਹੋ ਰਹੀਆਂ। ਰਜਿਸਟਰੀਆਂ ਕਰਵਾਉਣ ਲਈ ਸਾਡੇ ਰਿਸ਼ਤੇਦਾਰ ਬਾਹਰਲੇ ਸਟੇਸ਼ਨਾਂ ਤੋਂ ਪਿਛਲੇ ਪੰਜ ਛੇ ਦਿਨਾਂ ਤੋਂ ਆਏ ਹੋਏ ਹਨ। ਤਹਿਸੀਲ ਕੰਪਲੈਕਸ 'ਚ ਲਾਰਾ ਲਗਾਇਆ ਜਾਂਦਾ ਹੈ ਕਿ ਕੁਝ ਹੀ ਦੇਰ ਮਗਰੋਂ ਰਜਿਸਟਰੀਆਂ ਚਾਲੂ ਕਰ ਦਿੱਤੀਆਂ ਜਾਣਗੀਆਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੇਸ਼ਾਨ ਹੋ ਕੇ ਸਾਡੇ ਰਿਸ਼ਤੇਦਾਰ ਖਾਲੀ ਹੱਥ ਵਾਪਸ ਪਰਤ ਆਉਂਦੇ ਹਨ। ਸਾਰਾ ਕੰਮਕਾਜ ਵੀ ਠੱਪ ਹੋ ਚੁੱਕਾ ਹੈ। ਆਮ ਲੋਕਾਂ ਨੂੰ ਵੀ ਰਜਿਸਟਰੀਆਂ ਨਾ ਹੋਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ 'ਤੇ ਕਲੋਨਾਈਜਰ ਵਿਸ਼ਨੂੰ ਸਿੰਗਲਾ, ਰੀਸ਼ੂ ਰਾਏਸਰੀਆ, ਰਿੰਕੂ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ।
ਮਾਮਲਾ ਮੇਰੇ ਧਿਆਨ 'ਚ ਆਉਣ 'ਤੇ ਫੌਰੀ ਤੌਰ 'ਤੇ ਚਾਲੂ ਕਰਵਾਈਆਂ ਰਜਿਸਟਰੀਆਂ : ਡੀ.ਸੀ
ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਵਲੋਂ ਇਹ ਮਾਮਲਾ ਮੇਰੇ ਧਿਆਨ 'ਚ ਲਿਆਂਦਾ ਗਿਆ। ਮਾਮਲਾ ਧਿਆਨ 'ਚ ਆਉਣ 'ਤੇ ਮੇਰੇ ਵਲੋਂ ਫੌਰੀ 'ਤੇ ਨਾਇਬ ਤਹਿਸੀਲਦਾਰ ਨੂੰ ਵਸੀਕੇ ਰਜਿਸਟਰਡ ਕਰਨ ਲਈ ਕਿਹਾ ਗਿਆ।