ਫੁੱਲਾਂ, ਫਲਾਂ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਸਰਕਾਰ ਦੇਵੇਗੀ ਵਿੱਤੀ ਸਹਾਇਤਾ
Tuesday, Dec 03, 2024 - 06:25 PM (IST)
ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ, ਰਾਣਾ) - ਸੂਬੇ ’ਚ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਫ਼ਸਲੀ ਵਿਭਿੰਨਤਾ ਤਹਿਤ ਫੁੱਲਾਂ, ਫਲਾ, ਸਬਜ਼ੀਆਂ ਅਤੇ ਖੁੰਬਾਂ ਆਦਿ ਦੇ ਉਤਪਾਦਨ ’ਚ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲੱਬਧ ਕਰਵਾਈ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਸੰਦੀਪ ਗਰੇਵਾਲ ਨੇ ਦੱਸਿਆ ਕਿ ਕਣਕ, ਝੋਨੇ ਦੇ ਫ਼ਸਲੀ ਚੱਕਰ ’ਚੋਂ ਬਾਹਰ ਨਿਕਲ ਕੇ ਬਾਗ਼ਬਾਨੀ ਵੱਲ ਰੁਝਾਨ ਵਧਾਉਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਬਾਗ਼ਬਾਨੀ ਇਕ ਵਧੀਆ ਵਿਕਲਪ ਹੈ। ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਮੰਤਰੀ ਪੰਜਾਬ ਮਹਿੰਦਰ ਭਗਤ ਅਤੇ ਡਾਇਰੈਕਟਰ ਬਾਗ਼ਬਾਨੀ ਪੰਜਾਬ ਸ਼੍ਰੀਮਤੀ ਸ਼ੈਲਿਦਰ ਕੌਰ (ਆਈ. ਐੱਫ. ਐੱਸ.) ਦੀ ਅਗਵਾਈ ਹੇਠ ਪੰਜਾਬ ’ਚ ਬਾਗ਼ਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਵੱਖ-ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਨਵੇਂ ਬਾਗ ਲਗਾਉਣ ਉੱਪਰ 19 ਹਜ਼ਾਰ 200 ਰੁਪਏ ਪ੍ਰਤੀ ਹੈਕਟੇਅਰ (50‰), ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ ਉੱਪਰ 40 ਹਜ਼ਾਰ ਰੁਪਏ ਪ੍ਰਤੀ ਦੋ ਹੈਕਟੇਅਰ (40 ਪ੍ਰਤੀਸ਼ਤ), ਫੁੱਲਾਂ ਦੀ ਕਾਸ਼ਤ ਉੱਪਰ 16 ਹਜ਼ਾਰ ਪ੍ਰਤੀ ਹੈਕਟੇਅਰ (40 ਪ੍ਰਤੀਸ਼ਤ), ਸੁਰੱਖਿਅਤ ਖੇਤੀ ਅਧੀਨ ਪੋਲੀ ਹਾਊਸ ਉੱਪਰ 1688000 ਰੁਪਏ ਪ੍ਰਤੀ 4000 ਵਰਗ ਮੀਟਰ (50 ਪ੍ਰਤੀਸ਼ਤ) ਅਤੇ ਸ਼ੈਡ ਨੈੱਟ ਹਾਊਸ 1420000 ਰੁਪਏ ਪ੍ਰਤੀ 4000 ਵਰਗ ਮੀਟਰ (50 ਪ੍ਰਤੀਸ਼ਤ), ਵਰਮੀ ਕੰਪਸੋਟ 50000 ਰੁਪਏ (40 ਪ੍ਰਤੀਸ਼ਤ), ਸ਼ਹਿਦ ਮੱਖੀ ਪਾਲਣ ਉੱਪਰ 1600/-ਰੁਪਏ ਪ੍ਰਤੀ ਬਕਸਾ (40 ਪ੍ਰਤੀਸ਼ਤ), ਸ਼ਹਿਦ ਕੱਢਣ ਵਾਲੀ ਮਸ਼ੀਨ ਉੱਪਰ 8000 ਰੁਪਏ (40 ਪ੍ਰਤੀਸ਼ਤ), ਖੁੰਬਾਂ ਦੀ ਕਾਸ਼ਤ ਅਧੀਨ ਪ੍ਰੋਡਕਸ਼ਨ ਯੂਨਿਟ 800000 ਰੁ. (40 ਪ੍ਰਤੀਸ਼ਤ) ਅਤੇ ਕੰਪੋਸਟ ਯੂਨਿਟ ਉੱਪਰ 800000 ਰੁਪਏ (40 ਪ੍ਰਤੀਸ਼ਤ) ਤਹਿਤ ਉਪਦਾਨ ਦੀ ਵਿਵਸਥਾ ਹੈ।
ਇਸ ਤੋਂ ਇਲਾਵਾ ਮਸ਼ੀਨਰੀ ਅਧੀਨ 20 ਐੱਚ. ਪੀ. ਟਰੈਕਟਰ 75000 ਰੁਪਏ (25 ਪ੍ਰਤੀਸ਼ਤ) ਪਾਵਰ ਟਿੱਲ 8 ਐਪ. ਪੀ. ਤੋਂ ਵੱਧ ਉੱਪਰ 75000 ਰੁਪਏ (40 ਪ੍ਰਤੀਸ਼ਤ) ਟਰੈਕਟਰ ਮਾਊਂਟਡ ਸਪਰੇਅ ਪੰਪ ਉੱਪਰ 50000 (40 ਪ੍ਰਤੀਸ਼ਤ), ਨੈਪ ਸੈਕ ਸਪਰੇਅ ਪੰਪ ਉੱਪਰ 8000 ਰੁਪਏ (40 ਪ੍ਰਤੀਸ਼ਤ), ਕੋਲਡ ਸਟੋਰ (ਟਾਈਪ-2) ਉੱਪਰ 35 ਪ੍ਰਤੀਸ਼ਤ ਸਬਸਿਡੀ ਅਤੇ ਰਾਈਪਨਿੰਗ ਚੈਂਬਰ ਉੱਪਰ 35 ਪ੍ਰਤੀਸ਼ਤ, ਲੋਅ ਕਾਸਟ ਪਿਆਜ਼ ਸਟੋਰੇਜ਼ ਲਈ 87500 ਰੁਪਏ ਪ੍ਰਤੀ (50 ਪ੍ਰਤੀਸ਼ਤ) ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।