ਅਧਿਆਪਕਾਂ ਨੂੰ ਗ਼ੈਰ-ਅਧਿਆਪਨ ਜ਼ਿੰਮੇਵਾਰੀਆਂ ਤੋਂ ਜਲਦ ਹੀ ਕੀਤਾ ਜਾਵੇਗਾ ਮੁਕਤ : ਮੀਤ ਹੇਅਰ
Friday, Jun 10, 2022 - 03:47 PM (IST)
 
            
            ਲੁਧਿਆਣਾ/ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੀਤੀ ਵਚਨਬੱਧਤਾ ਤਹਿਤ ਵਾਸ਼ਿੰਗਟਨ ਡੀ. ਸੀ. ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ (ਰੇਲੋ) ਵੱਲੋਂ ਅੰਗਰੇਜ਼ੀ ਅਧਿਆਪਕਾਂ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ’ਚ ਪੰਜਾਬ ਭਰ ਤੋਂ 320 ਅੰਗਰੇਜ਼ੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਸਿਖਲਾਈ ਸੈਸ਼ਨ ’ਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਾਇਰੈਕਟਰ ਐਜੂਕੇਸ਼ਨ ਜੀ.ਐੱਨ.ਸੀ.ਟੀ. ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ਼ੈਲੇਂਦਰ ਸ਼ਰਮਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓ.ਐੱਸ.ਡੀ. ਡਾ. ਪ੍ਰਵੀਨ ਚੌਧਰੀ, ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਰਾਜੇਸ਼ ਭਾਰਦਵਾਜ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ

ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ, ਅਮੇਰਿਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਅਫਸਰ ਰੂਥ ਗੂਡੇ, ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਅਮੇਰਿਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਮਾਹਿਰ ਸ਼ਵੇਤਾ ਖੰਨਾ, ਮੈਂਟੋਰ (ਸਲਾਹਕਾਰ) ਅਧਿਆਪਕ ਅਤੇ ਸਿੱਖਿਆ ਡਾਇਰੈਕਟੋਰੇਟ, ਜੀ.ਐੱਨ.ਸੀ.ਟੀ. ਦਿੱਲੀ ਵਿਖੇ ਅੰਗਰੇਜ਼ੀ ਭਾਸ਼ਾ ਅਧਿਆਪਕ ਮਨੂ ਗੁਲਾਟੀ ਨੇ ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇਕ ਪ੍ਰਭਾਵਸ਼ਾਲੀ ਅਤੇ ਮਿਆਰੀ ਗੱਲਬਾਤ ਸੈਸ਼ਨ ਦੱਸਿਆ। ਰੂਥ ਗੂਡੇ (ਰੇਲੋ) ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਭਾਸ਼ਾਈ ਕਲਾਸਰੂਮਾਂ ’ਚ ਅੰਗਰੇਜ਼ੀ ਦੀ ਵਰਤੋਂ ਦੇ ਮਹੱਤਵ ’ਤੇ ਧਿਆਨ ਕੇਂਦ੍ਰਿਤ ਕਰਕੇ ਅਧਿਆਪਕਾਂ ਨਾਲ ਆਪਣੇ ਜੀਵਨ ਦੇ ਪ੍ਰੇਰਣਾਦਾਇਕ ਤੇ ਆਲਮੀ ਅਨੁਭਵ ਸਾਂਝੇ ਕੀਤੇ।ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਤ ਸਕੂਲਾਂ ’ਚ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਅਤੇ ਵਿਕਾਸ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ
ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ ’ਤੇ ਪੂਰੀ ਤਵੱਜੋ ਦੇਣ ਲਈ ਪ੍ਰੇਰਿਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਭਵਿੱਖ ’ਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ। ਮੀਤ ਹੇਅਰ ਨੇ ਪੰਜਾਬ ’ਚ ਮਿਆਰੀ ਸਿੱਖਿਆ ਲਿਆਉਣ ਲਈ ਵਿਦੇਸ਼ਾਂ ਤੋਂ ਹਰ ਸੰਭਵ ਵਿਚਾਰਾਂ ਅਤੇ ਵਿਧੀਆਂ ਨੂੰ ਅਪਣਾਉਣ ਅਤੇ ਸਮਝਣ ਦਾ ਵਾਅਦਾ ਵੀ ਕੀਤਾ। ਸਿੱਖਿਆ ਮੰਤਰੀ ਨੇ ਇਹ ਵੀ ਆਖਿਆ ਕਿ ਕਿਸੇ ਵੀ ਅਧਿਆਪਕ ਉੱਤੇ ਫਰਜ਼ੀ ਅੰਕੜੇ ਦਿਖਾਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ ਅਤੇ ਅਸਲ ਤੱਥਾਂ/ਨਤੀਜਿਆਂ ਨੂੰ ਲੈ ਕੇ ਹੀ ਅੱਗੇ ਚੱਲਿਆ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            