ਅਧਿਆਪਕ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Tuesday, Jan 16, 2018 - 07:10 AM (IST)

ਕਪੂਰਥਲਾ, (ਮਲਹੋਤਰਾ)- 5178 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਕੁਸ਼ਲ ਕੁਮਾਰ ਦੀ ਅਗਵਾਈ 'ਚ ਸਥਾਨਕ ਸ਼ਾਲੀਮਾਰ ਬਾਗ ਕਪੂਰਥਲਾ 'ਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। 
ਆਪਣੇ ਸੰਬੋਧਨ 'ਚ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਕੰਮ ਚਲਾਊ ਨੀਤੀ ਦੇ ਚਲਦੇ ਅਧਿਆਪਕ ਵਰਗ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਧਿਆਪਕਾਂ ਨੂੰ ਰੈਗੂਲਰ ਦੇ ਕੇਸ ਮੰਗਣ ਦੇ ਬਾਅਦ ਵੀ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਅਧਿਆਪਕਾਂ ਦੀ ਤਨਖਾਹ ਰੋਕ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦਾ ਸੋਸ਼ਣ ਕਰ ਰਹੀ ਹੈ। ਵਾਰ ਵਾਰ ਮੰਗਾਂ ਪੂਰੀਆਂ ਕਰਨ ਦਾ ਦਿਲਾਸਾ ਦੇਣ ਤੋਂ ਬਾਅਦ ਵੀ ਮੁਕਰ ਜਾਂਦੀ ਹੈ। ਚੋਣਾਂ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਉਨ੍ਹਾਂ ਦੇ ਨਾਲ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਤੇ ਸਰਕਾਰ ਵਲੋਂ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਉਪਰੰਤ ਅਧਿਆਪਕ ਇਕ ਰੋਸ ਰੈਲੀ ਦੇ ਰੂਪ 'ਚ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਸ਼ਹੀਦ ਭਗਤ ਸਿੰਘ ਚੌਕ ਪਹੁੰਚੇ। ਜਿਥੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਡੀ. ਟੀ. ਐੱਫ. ਨੇਤਾ ਕਰਮ ਸਿੰਘ, ਜੀ. ਟੀ. ਯੂ. ਨੇਤਾ ਸੁਰਿੰਦਰ ਸਿੰਘ, ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਬਲਦੇਵ ਸਿੰਘ ਸਿੱਧੂ ਸਮੇਤ ਯੂਨੀਅਨ ਦੇ ਜਨਰਲ ਸਕੱਤਰ ਕਮਲਜੀਤ ਸਿੰਘ, ਉਪ ਪ੍ਰਧਾਨ ਮੇਜਰ ਸਿੰਘ, ਹਰਨੇਕ ਸਿੰਘ, ਸਿਮਰਨ, ਰਾਜਵਿੰਦਰ ਕੌਰ, ਸ਼ਿਵਾਲੀ ਆਨੰਦ, ਬਲਜੀਤ ਕੌਰ, ਅਮਨਦੀਪ ਕੌਰ, ਰਮਾ ਚੰਦੇਲ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਰਿਤੂ ਸ਼ਰਮਾ, ਗੁਰਵਿੰਦਰ ਕੌਰ, ਮਨੀਸ਼ਾ ਸਹਿਗਲ, ਤਜਿੰਦਰ ਸਿੰਘ, ਅਸ਼ਵਨੀ ਕੁਮਾਰ, ਪਲਵਿੰਦਰ ਸਹੋਤਾ, ਨਰਿੰਦਰਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ। 


Related News