ਅਧਿਆਪਕਾਂ ਨੂੰ ਗੈਰ-ਅਧਿਆਪਨ ਕਾਰਜਾਂ ਵਾਸਤੇ ਨਾ ਲਾਇਆ ਜਾਵੇ : ਡਾ. ਚੀਮਾ

Saturday, Jun 20, 2020 - 08:38 PM (IST)

ਅਧਿਆਪਕਾਂ ਨੂੰ ਗੈਰ-ਅਧਿਆਪਨ ਕਾਰਜਾਂ ਵਾਸਤੇ ਨਾ ਲਾਇਆ ਜਾਵੇ : ਡਾ. ਚੀਮਾ

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗਠਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਆ ਅੱਗੇ ਕਰ ਕੇ ਅਧਿਆਪਕਾਂ ਦੀ ਜਾਨ ਜ਼ੋਖ਼ਮ ਵਿਚ ਪਾਉਣੀ ਚਾਹੀਦੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ-ਅਧਿਆਪਨ ਕਾਰਜਾਂ ਵਾਸਤੇ ਨਹੀਂ ਲਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਕਪੂਰਥਲਾ ਜ਼ਿਲਾ ਪ੍ਰਸਾਸ਼ਨ ਦੇ ਉਸ ਹੁਕਮ ਦੀ ਨਿਖੇਧੀ ਕੀਤੀ, ਜਿਸ ਰਾਹੀਂ 40 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਵਾਸਤੇ ਫਗਵਾੜਾ ਦੇ ਨਾਕਿਆਂ ’ਤੇ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਤਰਕਹੀਣ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਾਸਤੇ ਸਿਰਫ ਪੁਲਸ ਵਿਭਾਗ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੈ ਤਾਂ ਡਿਊਟੀ ਮੈਜਿਸਟ੍ਰੇਟ ਨਾਲ ਲਾਏ ਜਾ ਸਕਦੇ ਹਨ ਪਰ ਅਜਿਹਾ ਕਰਨ ਦੀ ਥਾਂ ਜ਼ਿਲਾ ਪ੍ਰਸ਼ਾਸਨ ਅਧਿਆਪਕਾਂ ਨੂੰ ਗੁੰਡਿਆਂ ਅੱਗੇ ਪਰੋਸ ਰਿਹਾ ਹੈ ਜੋ ਕਿ ਉਨ੍ਹਾਂ ਦਾ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।

ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਅਧਿਆਪਕਾਂ ਦੀ ਜਾਨ ਅਜਿਹੇ ਖਤਰਿਆਂ ਵਿਚ ਪਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 24 ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਵਿਚ ਡਿਸਟੀਲਰੀ ਦੀ ਰਾਖੀ ਕਰਨ ਵਾਸਤੇ ਲਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਹੁਕਮ ਵੀ ਤਰਕਹੀਣ ਸੀ ਕਿਉਂਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸਾਰੀਆਂ ਡਿਸਟੀਲਰੀਆਂ ਵਿਚ ਆਪਣੇ ਅਫਸਰ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਸਟੀਲਰੀਆਂ ਤੋਂ ਜੇਕਰ ਬਿਨਾਂ ਆਬਕਾਰੀ ਫੀਸ ਦੀ ਅਦਾਇਗੀ ਦੇ ਨਾਜਾਇਜ਼ ਸ਼ਰਾਬ ਨਿਕਲਦੀ ਹੈ ਤਾਂ ਫਿਰ ਇਨ੍ਹਾਂ ਆਬਕਾਰੀ ਅਫਸਰਾਂ ਨੂੰ ਹੀ ਜ਼ਿੰਮੇਵਾਰੀ ਠਹਿਰਾਇਆ ਜਾਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਕਿ ਕਾਂਗਰਸੀ ਆਗੂ ਹੀ ਨਾਜਾਇਜ਼ ਸ਼ਰਾਬ ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਨੂੰ ਨਾਜਾਇਜ਼ ਸ਼ਰਾਬ ਕਾਰਨ 5600 ਕਰੋੜ ਰੁਪਏ ਦਾ ਘਾਟਾ ਪੈ ਗਿਆ ਹੈ ਤੇ ਕੁਝ ਕੇਸਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਇਸ ਵਪਾਰ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।


author

Bharat Thapa

Content Editor

Related News