ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ਼ ਅਧਿਆਪਕਾਂ ਵੱਲੋਂ ਪ੍ਰਦਰਸ਼ਨ
Thursday, Jan 25, 2018 - 07:24 AM (IST)

ਹੁਸ਼ਿਆਰਪੁਰ,(ਘੁੰਮਣ)-ਸਾਂਝਾ ਅਧਿਆਪਕ ਮੋਰਚਾ ਨੇ ਅੱਜ ਸਰਕਾਰ ਖਿਲਾਫ਼ ਸਿੱਖਿਆ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਾਉਂਦਿਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕ ਆਗੂਆਂ ਅਮਨਦੀਪ ਸ਼ਰਮਾ, ਮਦਨ ਲਾਲ, ਮਨਜੀਤ ਸਿੰਘ, ਸੁਰਜੀਤ ਰਾਜਾ, ਉਂਕਾਰ ਸਿੰਘ ਸੂਸ ਤੇ ਕਸ਼ਮੀਰਾ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਮਿਡਲ ਸਕੂਲਾਂ ਦੀਆਂ ਪੋਸਟਾਂ ਖਤਮ ਕਰਨਾ ਚਾਹੁੰਦੀ ਹੈ। ਸੂਬੇ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤੇ ਜਾਣ ਦਾ ਪ੍ਰਸਤਾਵ ਹੈ, 10ਵੀਂ ਤੇ 12ਵੀਂ ਦੇ ਪ੍ਰੀਖਿਆ ਕੇਂਦਰ ਦੂਰ-ਦੁਰਾਡੇ ਦੇ ਸਕੂਲਾਂ ਵਿਚ ਬਣਾਏ ਜਾਣੇ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ 'ਤੇ ਬ੍ਰਿਜ ਕੋਰਸ ਥੋਪਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਫਾਈਨਲ ਪ੍ਰੀਖਿਆਵਾਂ ਨਜ਼ਦੀਕ ਹੋਣ ਦੇ ਬਾਵਜੂਦ ਅਧਿਆਪਕਾਂ 'ਤੇ ਬੀ. ਐੱਲ. ਓ. ਡਿਊਟੀਆਂ ਥੋਪੀਆਂ ਜਾ ਰਹੀਆਂ ਹਨ।
ਇਸ ਮੌਕੇ ਯੂਨੀਅਨ ਆਗੂਆਂ ਸੁਨੀਲ ਸ਼ਰਮਾ, ਅਜੀਬ ਦਿਵੇਦੀ, ਰਮੇਸ਼ ਟਾਂਡਾ, ਅਮਰ ਸਿੰਘ, ਬਲਵੀਰ ਸਿੰਘ, ਈਸ਼ਰ ਸਿੰਘ, ਪ੍ਰਿੰ. ਦਰਸ਼ਨ ਸਿੰਘ, ਪ੍ਰਿੰ. ਹਰਜੀਤ ਸਿੰਘ ਆਦਿ ਨੇ ਵੀ ਸਰਕਾਰ ਦੇ ਉਪਰੋਕਤ ਫੈਸਲਿਆਂ ਦਾ ਵਿਰੋਧ ਕੀਤਾ। ਰੋਸ ਪ੍ਰਦਰਸ਼ਨ ਉਪਰੰਤ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਮੋਹਣ ਸਿੰਘ ਲੇਹਲ ਨੂੰ ਮੰਗ ਪੱਤਰ ਵੀ ਦਿੱਤਾ।