ਹੱਕ ਮੰਗਦੇ ਅਧਿਆਪਕਾਂ ''ਤੇ ਦਰਜ ਹੋਏ ਪਰਚੇ ਦੀਆਂ ਕਾਪੀਆਂ ਸਾੜ ਕੇ ਪ੍ਰਗਟਾਇਆ ਰੋਸ
Thursday, Mar 01, 2018 - 12:52 PM (IST)

ਕਪੂਰਥਲਾ (ਮੱਲ੍ਹੀ)— 5178 ਪੇਂਡੂ ਸਹਿਯੋਗੀ ਅਧਿਆਪਕ ਜੋ ਆਪਣੇ ਹੱਕਾਂ ਦੀ ਪੂਰਤੀ ਲਈ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉੱਪਰ ਪੰਜਾਬ ਸਰਕਾਰ ਵੱਲੋਂ ਦਰਜ ਕੀਤੇ ਪੁਲਸ ਪਰਚੇ ਦੀਆਂ ਕਾਪੀਆਂ ਸਾੜ ਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਸਿੱਖਿਆ ਬਚਾਓ ਮੰਚ ਕਪੂਰਥਲਾ ਦੇ ਆਗੂ ਅਧਿਆਪਕਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਅਤੇ ਨਾਲ ਹੀ ਝੂਠੇ ਦਰਜ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਸਿੱਖਿਆ ਬਚਾਓ ਮੰਚ ਆਗੂ ਸੁਖਦਿਆਲ ਸਿੰਘ ਝੰਡ, ਰਸ਼ਪਾਲ ਸਿੰਘ ਵੜੈਚ, ਅਪਿੰਦਰ ਥਿੰਦ, ਭਜਨ ਸਿੰਘ ਮਾਨ, ਗੁਰਮੇਜ ਸਿੰਘ, ਗੁਰਮੁੱਖ ਸਿੰਘ ਬਾਬਾ, ਸਰਤਾਜ ਸਿੰਘ ਆਦਿ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਕਿਹਾ ਕਿ 5178 ਪੇਂਡੂ ਸਹਿਯੋਗੀ ਅਧਿਆਪਕ ਜਿਨ੍ਹਾਂ ਦੇ ਅਧਿਆਪਕ ਸੇਵਾ 'ਚ ਤਿੰਨ ਸਾਲ ਪੂਰੇ ਹੋ ਗਏ ਹਨ, ਉਨ੍ਹਾਂ ਨੂੰ ਰੈਗੂਲਰ ਕਰਨ ਦੇ ਤੁਰੰਤ ਆਰਡਰ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਕੇ ਮੋਹਾਲੀ ਵਿਖੇ ਰੋਸ ਪ੍ਰਗਟਾਉਣ ਗਏ 5178 ਪੇਂਡੂ ਸਹਿਯੋਗੀ ਅਧਿਆਪਕਾਂ 'ਤੇ ਪੁਲਸ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਇਸ਼ਾਰੇ 'ਤੇ ਦਰਜ ਕੀਤੇ ਗਏ ਝੂਠੇ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ। ਪ੍ਰਦਰਸ਼ਨਕਾਰੀ ਮੰਚ ਆਗੂਆਂ ਕਿਹਾ ਕਿ ਆਪਣੇ ਹੱਕਾਂ ਖਾਤਿਰ ਸੰਘਰਸ਼ ਕਰ ਰਹੇ ਟੀਚਰਾਂ ਉੱਪਰ ਮੁਕੱਦਮੇ ਦਰਜ ਕਰਕੇ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਕੰਪਿਊਟਰ ਅਧਿਆਪਕਾਂ, ਰਮਸਾ ਤੇ ਸਰਵ-ਸਿੱਖਿਆ ਅਭਿਆਨ ਤਹਿਤ ਭਰਤੀ ਹੋਏ ਟੀਚਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੇ ਟੀਚਰਾਂ ਦੀਆਂ ਤਨਖਾਹਾਂ ਲਈ ਲੋੜੀਂਦੇ ਬਜਟ ਜਾਰੀ ਕਰਨ ਦੀ ਵੀ ਮੰਗ ਕੀਤੀ।