ਬੇਰੋਜ਼ਗਾਰ ਅਧਿਆਪਕਾਂ ਵੱਲੋਂ ਸੰਗਰੂਰ-ਲੁਧਿਆਣਾ ਮੁੱਖ-ਮਾਰਗ ''ਤੇ ਕੀਤਾ ਗਿਆ ਰੋਸ ਪ੍ਰਦਰਸ਼ਨ

02/02/2020 6:14:55 PM

ਧੂਰੀ/ਸੰਗਰੂਰ (ਬੇਦੀ)— ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਅਧਿਆਪਕ ਭਰਤੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਧੂਰੀ ਨੇੜੇ ਬਬਨਪੁਰ ਵਿਖੇ ਲੁਧਿਆਣਾ-ਸੰਗਰੂਰ ਮੁੱਖ-ਮਾਰਗ ਜਾਮ ਕੀਤਾ ਗਿਆ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਵਾਅਦਾਖਿਲਾਫੀ ਤੋਂ ਭੜਕੇ ਬੇਰੋਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਬੇਰੋਜ਼ਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼ ਅਤੇ ਬੀ-ਐੱਡ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਸੰਬੋਧਨ ਕਰਦੇ ਕਿਹਾ ਕਿ ਈ. ਟੀ. ਟੀ. ਉਮੀਦਵਾਰਾਂ ਲਈ 500 ਅਤੇ ਬੀ-ਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੋਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ 'ਚ ਕਰੀਬ 15 ਹਜ਼ਾਰ ਈ. ਟੀ. ਟੀ. ਅਤੇ 50 ਹਜ਼ਾਰ ਬੀ-ਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ।

PunjabKesari

ਇਸ ਕਰਕੇ ਨਿਗੁਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਢਾ ਪਾਉਣਾ ਹੈ। ਪਰ ਪੰਜਾਬ ਦੇ ਬੇਰੋਜ਼ਗਾਰ ਅਧਿਆਪਕ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦੇ ਮੰਗ ਕਰਦੇ ਹਨ ਕਿ ਅਸਾਮੀਆਂ ਦੀ ਗਿਣਤੀ 'ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕੁੱਲ ਅਸਾਮੀਆਂ ਭਰਨ ਲਈ ਈ. ਟੀ. ਟੀ. ਦੀਆਂ 12 ਹਜ਼ਾਰ ਅਤੇ ਬੀ-ਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ। ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ,  ਬੈਕਲਾਗ ਈ. ਟੀ. ਟੀ. ਦੀਆਂ 595, 161 ਅਤੇ ਬੈਕਲਾਗ ਬੀ-ਐੱਡ ਦੀਆਂ 90 ਅਸਾਮੀਆਂ ਦਾ ਹੱਲ ਕੱਢਿਆ ਜਾਵੇ ਅਤੇ ਅਧਿਆਪਕ ਭਰਤੀ ਸਬੰਧੀ ਕੈਬਨਿਟ ਵੱਲੋਂ ਈ. ਟੀ. ਟੀ. ਉਮੀਦਵਾਰਾਂ ਲਈ ਹਟਾਈ ਗ੍ਰੈਜੂਏਸ਼ਨ ਅਤੇ ਬੀ-ਐੱਡ ਲਈ ਹਟਾਈ 55 ਫੀਸਦੀ ਅੰਕਾਂ ਦੀ ਸ਼ਰਤ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਯੂਨੀਅਨ ਨੂੰ ਦਿੱਤੀ ਜਾਵੇ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ।

PunjabKesari

ਇਸ ਦੌਰਾਨ ਬੇਰੋਜ਼ਗਾਰ ਅਧਿਆਪਕ ਆਗੂ ਗੁਰਜੀਤ ਕੌਰ ਖੇੜੀ, ਸੰਦੀਪ ਸਾਮਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਮੇਘਰਾਜ, ਕੁਲਦੀਪ ਸਿੰਘ, ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਦੇ ਹਰਦੀਪ ਟੋਡਰਪੁਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ, ਪੰਜਾਬ ਰੈਡੀਕਲਸ ਸਟੂਡੈਂਟਸ ਯੂਨੀਅਨ ਦੇ ਗੁਰਵਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਬਲਕਰਨ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਸੌਂਧਾ ਸਿੰਘ ਨੇ ਵੀ ਸੰਬੋਧਨ ਕਰਦੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਸੰਘਰਸ਼ ਪ੍ਰਤੀ ਇਕਜੁੱਟਤਾ ਪ੍ਰਗਟਾਈ।


shivani attri

Content Editor

Related News