ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕੋਰੋਨਾ ਬਾਰੇ ਸੰਵੇਦਨਸ਼ੀਲਤਾ ਪੈਦਾ ਕਰਨ ਲਈ ''ਪ੍ਰਣ'' ਮੁਹਿੰਮ ਆਰੰਭੀ

Friday, Jun 26, 2020 - 03:53 PM (IST)

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਵੀ ਕੋਵਿਡ-19 ਦੀ ਮਹਾਮਾਰੀ ਬਾਰੇ ਲੋਕਾਂ ਵਿਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ 'ਪ੍ਰਣ' ਮੁਹਿੰਮ ਆਰੰਭ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਸਕੈੱਚ ਬਣਾ ਕੇ ਕੋਰੋਨਾ ਮਹਾਮਾਰੀ ਦੀ ਗੰਭੀਰਤਾ ਬਾਰੇ ਜਾਗਰੂਕਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ ਵਿਚ ਕੋਰੋਨ ਵਿਰੁੱਧ 'ਮਿਸ਼ਨ ਫਤਿਹ' ਨੂੰ ਪੂਰੀ ਤਰ੍ਹਾਂ ਕਾਮਯਾਬ ਬਨਾਉਣ ਲਈ ਵਾਰ-ਵਾਰ ਹੱਥ ਧੋਣ, ਮਾਸਕ ਪਹਿਣਨ, ਸਮਾਜਿਕ ਦੂਰੀ ਬਣਾਈ ਰੱਖਣ, ਨਿੱਜੀ ਜਾਂ ਸਰਵਜਨਕ ਸਾਧਨਾਂ ਰਾਹੀਂ ਸਫ਼ਰ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਲਾਗੂ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਜਾ ਰਿਹਾ ਹੈ। 

ਇਸ ਦੇ ਨਾਲ ਹੀ ਕੋਵਾ ਐੱਪ ਡਾਊਨਲੋਡ ਕਰਨ ਲਈ ਵੀ ਪੋਸਟਰਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾ ਜੋ ਕੋਰੋਨਾ ਨਾਲ ਲੜਨ ਦਾ ਸੁਨੇਹਾ ਅਤੇ ਢੰਗ-ਤਰੀਕਾ ਹਰੇਕ ਵਿਅਕਤੀ ਤੱਕ ਪਹੁੰਚਾਇਆ ਜਾ ਸਕੇ।


Gurminder Singh

Content Editor

Related News