ਅਧਿਆਪਕਾਂ ਨੂੰ ਪੜ੍ਹਣੇ ਪਾਉਣ ਦੀ ਤਿਆਰੀ : ''ਬ੍ਰਿਜ ਕੋਰਸ'' ਦੇ ਪਹਿਲੇ ਪੜਾਅ ''ਚ ਤਰੁੱਟੀਆਂ ਦਾ ''ਬੈਰੀਕੇਡ''

Saturday, Dec 30, 2017 - 05:45 AM (IST)

ਲੁਧਿਆਣਾ(ਵਿੱਕੀ)- ਸਰਕਾਰੀ, ਸਰਕਾਰੀ ਏਡਿਡ ਐਂਡ ਪ੍ਰਾਈਵੇਟ ਸਕੂਲਾਂ 'ਚ ਪਹਿਲੀ ਤੋਂ 5ਵੀਂ ਕਲਾਸ ਤੱਕ ਪੜ੍ਹਾ ਰਹੇ ਅਧਿਆਪਕਾਂ ਲਈ ਸਰਕਾਰ ਵਲੋਂ ਜ਼ਰੂਰੀ ਕੀਤੇ ਗਏ 6 ਮਹੀਨੇ ਦੇ ਬ੍ਰਿਜ ਕੋਰਸ 'ਤੇ ਪਹਿਲੇ ਹੀ ਪੜਾਅ 'ਚ ਬੈਰੀਕੇਡ ਲੱਗ ਗਿਆ ਹੈ। ਜੇਕਰ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਬ੍ਰਿਜ ਕੋਰਸ ਦੀ ਪਹਿਲੀ ਪੌੜੀ ਮਤਲਬ ਅਰਜ਼ੀ ਲਈ ਫਾਰਮ ਭਰਨਾ ਹੀ ਅਧਿਆਪਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਤਹਿਤ ਭਰੇ ਜਾਣ ਵਾਲੇ ਇਸ ਫਾਰਮ 'ਚ ਅਧਿਆਪਕਾਂ ਨੂੰ ਕਈ ਤਰੁੱਟੀਆਂ ਦਿਖਾਈ ਦੇ ਰਹੀਆਂ ਹਨ।
ਫੀਸ 'ਤੇ ਲਾਇਆ ਜੀ. ਐੱਸ. ਟੀ.
ਗੱਲ ਜੇਕਰ ਇਸ ਬ੍ਰਿਜ ਕੋਰਸ ਦੀ ਫੀਸ ਦੀ ਕਰੀਏ ਤਾਂ ਇਸ ਦੀ 5000 ਰੁਪਏ ਫੀਸ 'ਤੇ ਵੀ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਲਾ ਦਿੱਤਾ ਹੈ। ਇਸ ਗੱਲ ਦਾ ਵੀ ਅਧਿਆਪਕ ਵਰਗ ਦੱਬੀ ਜ਼ੁਬਾਨ ਵਿਚ ਵਿਰੋਧ ਕਰ ਰਿਹਾ ਹੈ। ਇਸ ਦੇ ਨਾਲ ਅਧਿਆਪਕ ਯੂਨੀਅਨਾਂ ਦਾ ਵੀ ਬ੍ਰਿਜ ਕੋਰਸ ਸਬੰਧੀ ਵਿਰੋਧ ਸ਼ੁਰੂ ਹੋ ਗਿਆ ਹੈ।
ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਲਤਾਲਾ ਦੀ ਪ੍ਰਧਾਨਗੀ 'ਚ ਆਯੋਜਿਤ ਮੀਟਿੰਗ 'ਚ ਸਰਕਾਰ ਦੇ ਇਸ ਫਰਮਾਨ ਦੀ ਨਿੰਦਾ ਕੀਤੀ ਗਈ। ਪ੍ਰੈੱਸ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਕੋਰਸ ਦੀ ਫੀਸ 5 ਹਜ਼ਾਰ ਰੁਪਏ ਤੇ ਪ੍ਰਤੀ ਪੇਪਰ ਫੀਸ 250 ਰੁਪਏ ਰੱਖੀ ਗਈ ਹੈ। ਯੂਨੀਅਨ ਨੇ ਦੋਸ਼ ਲਾਇਆ ਕਿ ਸਰਕਾਰ ਨੇ ਇਹ ਕੋਰਸ ਸਿਰਫ ਪੈਸੇ ਇਕੱਠੇ ਕਰਨ ਲਈ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 17 ਸਾਲਾਂ ਤੋਂ ਅਧਿਆਪਨ ਦੇ ਖੇਤਰ 'ਚ ਕਾਰਜ ਕਰ ਰਹੇ ਅਧਿਆਪਕਾਂ ਦੀ ਯੋਗਤਾ ਤੇ ਅਨੁਭਵ 'ਤੇ ਸਰਕਾਰ ਇਸ ਤਰ੍ਹਾਂ ਦੇ ਕੋਰਸਾਂ ਦੇ ਜ਼ਰੀਏ ਪ੍ਰਸ਼ਨ ਚਿੰਨ੍ਹ ਲਾਉਣ ਦਾ ਯਤਨ ਕਰ ਰਹੀ ਹੈ।  ਇਸ ਦੌਰਾਨ ਜੇਕਰ ਸਰਕਾਰ ਨੇ ਇਸ ਕੋਰਸ ਨੂੰ ਵਾਪਸ ਨਹੀਂ ਲਿਆ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਕੀਤਾ ਜਾਵੇਗਾ। ਯੂਨੀਅਨ ਦੀ ਮੀਟਿੰਗ 'ਚ ਜ਼ਿਲਾ ਸਕੱਤਰ ਗੁਰਜਪਾਲ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਸੁਖਰਾਜ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਅਵਤਾਰ ਸਿੰਘ ਮੌਜੂਦ ਸਨ।
ਕਾਲਮ 'ਚ ਸਾਇੰਸ ਤੇ ਹੋਰ ਆਪਸ਼ਨ ਨਾਲ ਦੁਬਿਧਾ
ਨਾਮ ਨਾ ਛਾਪਣ ਦੀ ਸ਼ਰਤ 'ਤੇ ਕੁੱਝ ਅਧਿਆਪਕਾਂ ਨੇ ਦੱਸਿਆ ਕਿ ਫਾਰਮ 'ਚ ਕੁੱਝ ਇਸ ਤਰ੍ਹਾਂ ਕਾਲਮ ਦਿੱਤੇ ਗਏ ਹਨ, ਜਿਨ੍ਹਾਂ 'ਚ ਕੁੱਝ ਵੀ ਸਪੱਸ਼ਟ ਨਹੀਂ ਹੋ ਰਿਹਾ। ਗੱਲ ਜੇਕਰ ਫਾਰਮ 'ਚ ਦਿੱਤੇ ਐਜੂਕੇਸ਼ਨਲ ਤੇ ਤਜਰਬੇ ਡਿਟੇਲ ਵਾਲੇ ਕਾਲਮ ਦੀ ਕਰੀਏ ਤਾਂ ਉਸ 'ਚ ਆਪਸ਼ਨਲ ਟੀਚਿੰਗ 'ਤੇ ਕਲਿੱਕ ਕਰਨ 'ਤੇ ਸਾਇੰਸ ਜਾਂ ਅਦਰਸ ਦੀ ਆਪਸ਼ਨ ਆ ਰਹੀ ਹੈ। ਅਧਿਆਪਕ ਇਸ ਗੱਲ ਨੂੰ ਲੈ ਕੇ ਦੁਬਿਧਾ 'ਚ ਹਨ ਕਿ ਇਸ ਆਪਸ਼ਨ 'ਚੋਂ ਕਿਸ ਨੂੰ ਸਿਲੈਕਟ ਕੀਤਾ ਜਾਵੇ ਕਿਉਂਕਿ ਕਈਆਂ ਨੇ 12ਵੀਂ ਆਰਟਸ ਅਤੇ ਕਈਆਂ ਨੇ ਕਾਮਰਸ 'ਚ ਕੀਤੀ ਹੈ। ਇਸ ਦੌਰਾਨ ਕੁੱਝ ਵੀ ਕਲੀਅਰ ਨਹੀਂ ਹੈ ਕਿ ਕਾਮਰਸ ਤੇ ਆਰਟਸ ਦੇ ਸਟੂਡੈਂਟਸ ਕਿਸ 'ਤੇ ਕਲਿੱਕ ਕਰਨ ਕਿਉਂਕਿ ਫਾਰਮ 'ਚ ਸਾਇੰਸ ਵਾਲੀ ਆਪਸ਼ਨ ਦੇ ਕੇ ਖੁਦ ਹੀ ਦੁਬਿਧਾ ਪੈਦਾ ਕੀਤੀ ਗਈ ਹੈ।
ਬ੍ਰਿਜ ਕੋਰਸ ਲਈ ਐੱਸ. ਸੀ. ਈ. ਆਰ. ਟੀ. ਦੀ ਹਦਾਇਤ 
ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ 'ਚ 5ਵੀਂ ਕਲਾਸ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਪ੍ਰੋਫੈਸ਼ਨਲ ਡਿਵੈੱਲਪਮੈਂਟ ਪ੍ਰੋਗਰਾਮ ਫਾਰ ਐਲੀਮੈਂਟਰੀ ਟੀਚਰਸ (ਪੀ. ਡੀ. ਪੀ. ਈ. ਟੀ.) ਲਈ 6 ਮਹੀਨੇ ਦਾ ਬ੍ਰਿਜ ਕੋਰਸ ਸ਼ੁਰੂ ਕੀਤਾ ਗਿਆ ਹੈ। ਰਾਜ ਦੇ ਐੱਸ. ਸੀ. ਈ. ਆਰ. ਟੀ. ਵਿਭਾਗ ਵਲੋਂ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਪੱਤਰ 'ਚ ਸਾਰੇ ਸਕੂਲਾਂ ਨੂੰ ਇਸ ਕੋਰਸ ਸਬੰਧੀ ਸੂਚਿਤ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਡਿਪਟੀ ਡਾਇਰੈਕਟਰ ਗੁਰਜੋਤ ਸਿੰਘ ਨੇ ਜਾਰੀ ਕੀਤੇ ਨਿਰਦੇਸ਼ 
ਐੱਸ. ਸੀ. ਈ. ਆਰ. ਟੀ. ਦੇ ਡਿਪਟੀ ਡਾਇਰੈਕਟਰ ਗੁਰਜੋਤ ਸਿੰਘ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ ਹੈ ਬੀ. ਐੱਡ ਪਾਸ, ਜਿਨ੍ਹਾਂ ਅਧਿਆਪਕਾਂ ਦੀ ਨਿਯੁਕਤੀ 3 ਸਤੰਬਰ 2001 ਦੇ ਬਾਅਦ ਹੋਈ ਹੈ, ਉਨ੍ਹਾਂ ਲਈ ਮਾਨਵ ਸੰਸਧਾਨ ਵਿਕਾਸ ਮੰਤਰਾਲਾ ਦਾ 6 ਮਹੀਨੇ ਦਾ ਬ੍ਰਿਜ ਕੋਰਸ ਕਰਨਾ ਜ਼ਰੂਰੀ ਹੈ। 
ਬ੍ਰਿਜ ਕੋਰਸ ਲਈ ਅਧਿਆਪਕ 31 ਦਸੰਬਰ ਤੱਕ ਆਪਣੀ ਰਜਿਸਟਰੇਸ਼ਨ ਅਤੇ ਵੈਰੀਫਿਕੇਸ਼ਨ ਕਰਵਾ ਸਕਦੇ ਹਨ। 
ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਗ੍ਰੈਜੂਏਸ਼ਨ ਅਤੇ ਬੀ. ਐੱਡ. ਦੇ ਨਾਲ ਪਹਿਲਾਂ ਹੀ ਡੀ. ਐੱਲ. ਡੀ. ਅਤੇ ਈ. ਟੀ. ਟੀ. ਕੀਤੀ ਹੈ, ਉਨ੍ਹਾਂ ਲਈ ਇਹ ਕੋਰਸ ਜ਼ਰੂਰੀ ਨਹੀਂ ਹੈ। ਅਧਿਆਪਕਾਂ ਨੂੰ ਅਰਜ਼ੀ ਲਈ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ 'ਚ ਆਪਣੀ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। 


Related News