ਦਿੱਲੀ ਦੀ ਸੱਤਾ ਹਾਸਲ ਕਰਨ ਲਈ ‘ਤਰਕਸ਼ ਦੇ ਹਰ ਤੀਰ’ ਦੀ ਵਰਤੋਂ ਕਰਨ ’ਚ ਜੁਟੀ ਭਾਜਪਾ

Thursday, Sep 12, 2024 - 01:12 PM (IST)

ਜਲੰਧਰ (ਅਨਿਲ ਪਾਹਵਾ)–2019 ’ਚ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿਚ ਇਕ ਨਾਂ ਖ਼ੂਬ ਚਰਚਾ ਦਾ ਵਿਸ਼ਾ ਸੀ ਕਿਉਂਕਿ ਅਮੇਠੀ ਦੇ ਗੜ੍ਹ ਨੂੰ ਵਿੰਨ੍ਹਣ ਲਈ ਇਸ ਚਰਚਿਤ ਨਾਂ ਦੇ ਤੌਰ ’ਤੇ ਸਮ੍ਰਿਤੀ ਈਰਾਨੀ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਇਸ ਤੋਂ ਬਾਅਦ ਸਮ੍ਰਿਤੀ ਈਰਾਨੀ ਹੁਣ ਇਕ ਵਾਰ ਮੁੜ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਹੁਣ ਉਹ ਕੇਂਦਰ ਵਿਚ ਮੰਤਰੀ ਨਹੀਂ ਪਰ ਜਿੱਥੋਂ ਕੇਂਦਰ ਸਰਕਾਰ ਚੱਲਦੀ ਹੈ, ਉਸ ਸੂਬੇ ਵਿਚ ਅੱਜਕਲ੍ਹ ਸਮ੍ਰਿਤੀ ਕਾਫ਼ੀ ਐਕਟਿਵ ਹੋ ਗਈ ਹੈ। ਕਾਰਨ ਹੈ ਦਿੱਲੀ ਸੂਬੇ ਦੀ ਸੱਤਾ, ਜਿੱਥੋਂ ਆਊਟ ਹੋਏ ਭਾਜਪਾ ਨੂੰ 26 ਸਾਲ ਹੋ ਗਏ ਹਨ। ਪਤਾ ਲੱਗਾ ਹੈ ਕਿ ਇਸ ਸੱਤਾ ਨੂੰ ਵਾਪਸ ਹਾਸਲ ਕਰਨ ਲਈ ਸਮ੍ਰਿਤੀ ਨੂੰ ਐਕਟਿਵ ਕੀਤਾ ਗਿਆ ਹੈ।

ਕੀ ਸਮ੍ਰਿਤੀ ਈਰਾਨੀ ’ਤੇ ਦਾਅ ਖੇਡਣ ਜਾ ਰਹੀ ਹੈ ਭਾਜਪਾ?
ਪਿਛਲੀਆਂ 2 ਵਿਧਾਨ ਸਭਾ ਚੋਣਾਂ ਨੂੰ ਵੇਖਿਆ ਜਾਵੇ ਤਾਂ ਦਿੱਲੀ ਵਿਚ ਭਾਜਪਾ ਦੀ ਕਾਰਗੁਜ਼ਾਰੀ ਕਾਫੀ ਨਿਰਾਸ਼ ਕਰਨ ਵਾਲੀ ਰਹੀ ਹੈ। ਸਥਿਤੀ ਤਾਂ ਇੱਥੋਂ ਤਕ ਪਹੁੰਚ ਗਈ ਹੈ ਕਿ ਉਹ ਡਬਲ ਡਿਜਿਟ ਤਕ ਵੀ ਨਹੀਂ ਪਹੁੰਚ ਸਕੀ ਪਰ ਹੁਣ ਸ਼ਾਇਦ ਭਾਜਪਾ ਨੂੰ ਲੱਗਦਾ ਹੈ ਕਿ ਦਿੱਲੀ ਜ਼ਿਆਦਾ ਦੂਰ ਨਹੀਂ ਰਹਿਣੀ ਚਾਹੀਦੀ। ਇਸ ਸਭ ਨੂੰ ਵੇਖਦਿਆਂ ਪਾਰਟੀ ਨੇ ਲੁਕਵੇਂ ਢੰਗ ਨਾਲ ਦਿੱਲੀ ਦੀ ਕਮਾਨ ਸਮ੍ਰਿਤੀ ਈਰਾਨੀ ਨੂੰ ਸੌਂਪੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਮ੍ਰਿਤੀ ਈਰਾਨੀ ਦਿੱਲੀ ਦੇ 7 ਇਲਾਕਿਆਂ ਵਿਚ ਕਾਫੀ ਸਰਗਰਮ ਹੋ ਗਈ ਹੈ। ਉਹ ਨਾ ਸਿਰਫ ਭਾਜਪਾ ਦੇ ਵਰਕਰਾਂ ਨੂੰ ਮਿਲ ਰਹੀ ਹੈ, ਸਗੋਂ ਪਾਰਟੀ ਦੀਆਂ ਅਹਿਮ ਬੈਠਕਾਂ ਵਿਚ ਵੀ ਹਿੱਸਾ ਲੈ ਰਹੀ ਹੈ। ਇਸ ਨਾਲ ਇਹ ਤਾਂ ਸਪਸ਼ਟ ਹੋਣਾ ਸ਼ੁਰੂ ਹੋ ਗਿਆ ਹੈ ਕਿ ਕਿਤੇ ਨਾ ਕਿਤੇ ਇਹ ਭਾਜਪਾ ਦੇ ਗੇਮ ਪਲਾਨ ਦਾ ਹਿੱਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼

26 ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ
ਉਂਝ ਤਾਂ 2015 ’ਚ ਭਾਜਪਾ ਨੇ ਕਿਰਨ ਬੇਦੀ ਦੇ ਨਾਂ ’ਤੇ ਚੋਣ ਲੜੀ ਸੀ ਪਰ ਜਦੋਂ 2020 ’ਚ ਚੋਣ ਹੋਈ ਤਾਂ ਪਾਰਟੀ ਨੇ ਬਿਨਾਂ ਸੀ. ਐੱਮ. ਚਿਹਰੇ ਦੇ ਚੋਣ ਲੜੀ। ਭਾਜਪਾ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਦਿੱਲੀ ਵਿਚ ਕਾਂਗਰਸ ਤਾਂ ਆਊਟ ਹੋਈ ਸੋ ਹੋਈ, ਆਮ ਆਦਮੀ ਪਾਰਟੀ ਨੇ ਆ ਕੇ ਕੁਰਸੀ ਸਾਂਭ ਲਈ, ਨਹੀਂ ਤਾਂ ਭਾਜਪਾ ਦਾ ਜ਼ਿਆਦਾ ਜ਼ੋਰ ਕਾਂਗਰਸ ਨੂੰ ਆਊਟ ਕਰਨ ’ਚ ਹੀ ਲੱਗਾ ਰਿਹਾ ਪਰ ਹੁਣ ਭਾਜਪਾ ਦਿੱਲੀ ਨੂੰ ਵਾਪਸ ਹਾਸਲ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਖ਼ੁਦ 26 ਸਾਲ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਹੈ।

ਸਮ੍ਰਿਤੀ ਈਰਾਨੀ ਦੇ ਨਾਂ ਕਾਰਡ ਚਲਾਉਣਾ ਕਿੰਨਾ ਫਾਇਦੇ ਦਾ ਸੌਦਾ
ਪਾਰਟੀ ਆਪਣੇ ਖੇਮੇ ਦੇ ਹਰ ਵੱਡੇ ਨੇਤਾ ਦੀ ਵਰਤੋਂ ਕਰਨ ’ਚ ਝਿਜਕ ਨਹੀਂ ਰਹੀ ਕਿਉਂਕਿ ਉਸ ਦਾ ਇਕੋ ਟੀਚਾ ਹੈ ਕਿ ਕਿਸੇ ਤਰ੍ਹਾਂ ਦਿੱਲੀ ਵਿਚ ਸੱਤਾ ਕਾਇਮ ਕੀਤੀ ਜਾਵੇ। ਇਸ ਵਿਚਾਲੇ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਨੇ 6 ਟਿਕਟਾਂ ਬਦਲ ਦਿੱਤੀਆਂ ਅਤੇ ਉਸ ਤੋਂ ਬਾਅਦ ਹੁਣ ਸਮ੍ਰਿਤੀ ਈਰਾਨੀ ਦੇ ਨਾਂ ਦਾ ਕਾਰਡ ਪਲੇਅ ਕੀਤਾ ਹੈ। ਹੁਣ ਇਸ ਮਾਮਲੇ ’ਚ ਪਾਰਟੀ ਨੂੰ ਕਿੰਨੀ ਸਫਲਤਾ ਮਿਲਦੀ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਆਉਣ ਵਾਲੇ ਸਮੇਂ ’ਚ ਦੇਖਣਾ ਹੋਵੇਗਾ ਕਿ ਭਾਜਪਾ ਨੂੰ ਵਾਕਈ ਸਮ੍ਰਿਤੀ ਈਰਾਨੀ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ।

ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News