ਅੱਗ ਲਾ ਕੇ ਸਾੜੇ ਅਧਿਆਪਕ ਨੇ ਇਲਾਜ ਦੌਰਾਨ 4 ਦਿਨਾਂ ਬਾਅਦ ਤੋੜਿਆ ਦਮ

Friday, Jul 12, 2024 - 01:48 PM (IST)

ਫਾਜ਼ਿਲਕਾ (ਨਾਗਪਾਲ) : ਪਰਿਵਾਰਕ ਝਗੜੇ ਦੇ ਚੱਲਦਿਆਂ ਫਾਜ਼ਿਲਕਾ ਦੇ ਜੱਟੀਆਂ ਮੁਹੱਲੇ ਦੇ ਵਸਨੀਕ 42 ਸਾਲਾ ਅਧਿਆਪਕ ਵਿਸ਼ਵਦੀਪ ਨੂੰ ਪਿਛਲੇ ਦਿਨੀਂ ਉਪ ਮੰਡਲ ਦੇ ਪਿੰਡ ਹੀਰਾਂ ਵਾਲੀ ਵਿਖੇ ਉਸਦੇ ਸਹੁਰੇ ਘਰ ਅਖੌਤੀ ਰੂਪ ’ਚ ਪੈਟਰੋਲ ਜਾਂ ਡੀਜ਼ਲ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ। ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫ਼ਰ ਕੀਤਾ ਗਿਆ ਸੀ। ਅੱਜ 4 ਦਿਨਾਂ ਬਾਅਦ ਇਲਾਜ ਦੌਰਾਨ ਅਧਿਆਪਕ ਨੇ ਦਮ ਤੋੜ ਦਿੱਤਾ।

ਜ਼ਿਕਰਯੋਗ ਹੈ ਕਿ ਅਧਿਆਪਕ ਉਪ-ਮੰਡਲ ਦੇ ਪਿੰਡ ਹਸਤਾਂ ਕਲਾਂ ਵਿਖੇ ਸਕੂਲ ’ਚ ਅਧਿਆਪਕ ਵੱਜੋਂ ਸੇਵਾਵਾਂ ਦੇ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਹ ਉਸਦਾ ਦੂਜ ਵਿਆਹ ਸੀ। ਉਸਦੀ ਅਧਿਆਪਕਾ ਪਤਨੀ ਸ਼ਕੁੰਤਲਾ ਉਸ ਦੇ ਚਰਿੱਤਰ ’ਤੇ ਸ਼ੱਕ ਕਰਦੀ ਸੀ। ਇਸ ਕਾਰਨ ਨਾਰਾਜ਼ ਆਪਣੇ ਪੇਕੇ ਘਰ ਚਲੀ ਗਈ, ਜਿੱਥੇ ਅਧਿਆਪਕ ਅਤੇ ਉਸਦੀ ਭੈਣ ਅਤੇ ਜੀਜਾ ਐਤਵਾਰ ਨੂੰ ਸ਼ਕੁੰਤਲਾ ਨੂੰ ਵਾਪਸ ਲੈਣ ਲਈ ਗਏ ਸਨ ਅਤੇ ਸਹੁਰੇ ਘਰ ਇਹ ਘਟਨਾ ਵਾਪਰ ਗਈ ਸੀ।

ਪੁਲਸ ਨੇ ਅਧਿਆਪਕ ਦੇ ਬਿਆਨ ’ਤੇ ਥਾਣਾ ਖੂਈ ਖੇੜਾ ਵਿਖੇ ਉਸਦੀ ਪਤਨੀ ਸ਼ਕੁੰਤਲਾ, ਸੱਸ ਪਾਲੀ ਦੇਵੀ, ਸਾਲੇ ਸਿਕੰਦਰ ਵਾਸੀਆਨ ਪਿੰਡ ਹੀਰਾਂ ਵਾਲੀ ਅਤੇ ਮਾਮੇ ਸਹੁਰੇ ਲਾਲ ਚੰਦ ਅਤੇ ਸੁੱਖ ਰਾਮ ਵਾਸੀਆਨ ਕੱਲਰ ਖੇੜਾ (ਅਬੋਹਰ) ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਵਿਸ਼ਵਦੀਪ ਦੀ ਮੌਤ ਤੋਂ ਬਾਅਦ ਧਾਰਾ 103 ਬੀ.ਐੱਨ.ਐੱਸ. (302) ਦਾ ਇਸ ਮਾਮਲੇ ’ਚ ਵਾਧਾ ਕੀਤਾ ਹੈ। ਇਸ ਮਾਮਲੇ ’ਚ ਲੋੜੀਂਦੇ ਦੋਸ਼ੀਆਂ ’ਚੋਂ ਉਸਦੇ ਸਾਲੇ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


Babita

Content Editor

Related News