ਅਧਿਆਪਕਾਂ ਵੱਲੋਂ ਲਈਆਂ ਜਾਂਦੀਆਂ ''ਇਤਫਾਕੀਆ ਛੁੱਟੀਆਂ'' ਸਬੰਧੀ ਹਦਾਇਤਾਂ ਜਾਰੀ
Sunday, Oct 25, 2020 - 03:07 PM (IST)
ਮੋਹਾਲੀ (ਨਿਆਮੀਆਂ) : ਸਿੱਖਿਆ ਮਹਿਕਮੇ ਵਲੋਂ ਸਰਕਾਰੀ ਸਕੂਲਾਂ ਦੇ ਸਿੱਖਿਆ ਅਮਲੇ ਵਲੋਂ ਨਵੰਬਰ ਅਤੇ ਦਸੰਬਰ ਮਹੀਨੇ 'ਚ ਲਈਆਂ ਜਾਂਦੀਆਂ ਇਤਫਾਕੀਆ ਛੁੱਟੀਆਂ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਮਹਿਕਮੇ ਦੇ ਬੁਲਾਰੇ ਅਨੁਸਾਰ ਇਸ ਸਬੰਧੀ ਡੀ. ਪੀ. ਆਈ. (ਸੈ. ਸਿੱ.) ਵਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ. ਸਿੱ., ਸੈ. ਸਿੱ.) ਨੂੰ ਪੱਤਰ ਜਾਰੀ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਹਨ।
ਅਕਸਰ ਦੇਖਣ 'ਚ ਆਇਆ ਹੈ ਕਿ ਅਧਿਆਪਕ ਨਵੰਬਰ ਅਤੇ ਦਸੰਬਰ ਮਹੀਨੇ 'ਚ ਆਪਣੀਆਂ ਛੁੱਟੀਆਂ ਖ਼ਤਮ ਕਰਨ ਦੇ ਮੰਤਵ ਨਾਲ ਜ਼ਿਆਦਾ ਇਤਫਾਕੀਆ ਛੁੱਟੀਆਂ ਲੈਂਦੇ ਹਨ, ਜਦੋਂ ਕਿ ਇਨ੍ਹਾਂ ਮਹੀਨਿਆਂ 'ਚ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ੋਰ ਹੁੰਦਾ ਹੈ, ਉੱਥੇ ਸਕੂਲ ਸਟਾਫ ਦੇ ਜ਼ਿਆਦਾ ਛੁੱਟੀ ’ਤੇ ਰਹਿਣ ਕਾਰਣ ਸਕੂਲਾਂ ਦਾ ਪ੍ਰਬੰਧ ਚਲਾਉਣ 'ਚ ਦਿੱਕਤਾਂ ਪੇਸ਼ ਆਉਂਦੀਆਂ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ, ਜਿਸ ਦੇ ਮੱਦੇਨਜ਼ਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਆਪਣੇ ਅਧੀਨ ਪੈਂਦੇ ਸਕੂਲਾਂ 'ਚ ਕੰਮ ਕਰਦੇ ਸਿੱਖਿਆ ਅਮਲੇ ਨੂੰ ਹਦਾਇਤ ਕਰਨ ਕਿ ਉਹ ਨਵੰਬਰ ਅਤੇ ਦਸੰਬਰ ਮਹੀਨਿਆਂ 'ਚ ਪ੍ਰਤੀ ਮਹੀਨਾ ਦੋ ਇਤਫਾਕੀਆ ਛੁੱਟੀਆਂ ਤੋਂ ਵੱਧ ਛੁੱਟੀਆਂ ਲੈਣ ਤੋਂ ਗੁਰੇਜ਼ ਕਰਨ।