ਡਿਫਾਲਟਰਾਂ ਖਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਹਜ਼ਾਰਾਂ ਲੋਕਾਂ ਨੂੰ ਨੋਟਿਸ ਜਾਰੀ
Wednesday, Sep 23, 2026 - 01:26 PM (IST)
ਪਟਿਆਲਾ (ਮਨਦੀਪ ਜੋਸਨ) : ਨਗਰ ਨਿਗਮ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ ਖਿਲਾਫ ਬੇਹੱਦ ਸਖਤ ਹੋ ਗਿਆ ਹੈ। ਨਿਗਮ ਨੇ ਪਟਿਆਲਾ ਦੇ 7250 ਲੋਕਾਂ ਨੂੰ ਨੋਟਿਸ ਜਾਰੀ ਕਰਦਿਆਂ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਜੇਕਰ 30 ਸਤੰਬਰ ਤੱਕ ਪੈਸੇ ਜਮਾਂ ਨਾ ਕਰਵਾਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਵੇਗੀ। ਵਿੱਤੀ ਸਾਲ 2026-27 ਲਈ ਪ੍ਰਾਪਰਟੀ ਟੈਕਸ ’ਤੇ ਦਿੱਤੀ ਜਾ ਰਹੀ 10 ਫ਼ੀਸਦੀ ਛੋਟ (ਰਿਬੇਟ) ਦਾ ਲਾਭ ਲੈਣ ਲਈ ਹੁਣ ਕੁਝ ਹੀ ਦਿਨ ਬਾਕੀ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਛੋਟ ਦਾ ਫ਼ਾਇਦਾ ਚੁੱਕਣ ਦੀ ਅੰਤਿਮ ਮਿਤੀ 30 ਸਤੰਬਰ 2026 ਹੈ। ਉਨ੍ਹਾਂ ਕਿਹਾ ਕਿ ਕਰਦਾਤਾ ਇਸ ਮੌਕੇ ਦਾ ਲਾਹਾ ਲੈਂਦਿਆਂ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਕੋਲ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਮਿਆਦ ਪੁੱਗਣ ਤੋਂ ਬਾਅਦ ਲੱਗਣ ਵਾਲੇ ਭਾਰੀ ਵਿਆਜ ਅਤੇ ਜੁਰਮਾਨੇ ਦੇ ਵਾਧੂ ਵਿੱਤੀ ਬੋਝ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ ਨੂੰ ਮਾਰ ਦਿੱਤੀ ਗੋਲ਼ੀ
ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਭਰ ’ਚ ਮੁਨਾਦੀ ਕਰਵਾਈ ਗਈ, ਕਰੀਬ 90,000 ਐੱਸ. ਐੱਮ. ਐੱਸ. ਭੇਜੇ ਗਏ ਅਤੇ 91.1 ਐੱਫ. ਐੱਮ. ਰੇਡੀਓ ਰਾਹੀਂ ਵੀ ਲਗਾਤਾਰ ਪ੍ਰਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਟੈਕਸ ਅਦਾ ਨਾ ਕਰਨ ਵਾਲੇ ਅਸੈੱਸੀਆਂ ਨੂੰ ਲਗਭਗ 7,250 ਨੋਟਿਸ ਜਾਰੀ ਕਰ ਕੇ ਰਿਕਵਰੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਐਡਵਾਇਜ਼ਰੀ ਦੇ ਨਾਲ ਚੇਤਾਵਨੀ ਜਾਰੀ
ਨਗਰ ਨਿਗਮ ਦੇ ਇਨ੍ਹਾਂ ਸਾਂਝੇ ਯਤਨਾਂ ਸਦਕਾ ਹੁਣ ਤੱਕ 31,713 ਪ੍ਰਾਪਰਟੀ ਟੈਕਸ ਰਿਟਰਨਾਂ ਦਾਖ਼ਲ ਹੋ ਚੁੱਕੀਆਂ ਹਨ ਅਤੇ ਨਿਗਮ ਵੱਲੋਂ 1150.52 ਲੱਖ (11.50 ਕਰੋੜ) ਰੁਪਏ ਦਾ ਰਿਕਾਰਡ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਰਦਾਤਾ ਆਪਣੇ ਘਰ ਬੈਠੇ ਹੀ ਪੰਜਾਬ ਸਰਕਾਰ ਦੇ ‘ਐੱਮ-ਸੇਵਾ’ ਪੋਰਟਲ (https://mseva.lgpunjab.gov.in) ਰਾਹੀਂ ਆਨਲਾਈਨ ਟੈਕਸ ਅਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਵਿਖੇ ਕੈਸ਼, ਚੈੱਕ, ਆਨਲਾਈਨ, ਯੂ. ਪੀ. ਆਈ., ਕਿਊ. ਆਰ. ਕੋਡ ਅਤੇ ਡੈਬਿਟ/ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਦੇ ਪੁਖ਼ਤਾ ਪ੍ਰਬੰਧ ਮੌਜੂਦ ਹਨ। ਉਨ੍ਹਾਂ ਸ਼ਹਿਰੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸਮੇਂ ਸਿਰ ਟੈਕਸ ਭਰਨ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
