ਕੌਮੀ ਚੈਸਟ ਫਿਜ਼ੀਸ਼ੀਅਨ ਸੰਮੇਲਨ ’ਚ ਡਾ. ਨਰੇਸ਼ ਚਾਵਲਾ ਦੀ ਪੁਸਤਕ ‘ਦਿਲ ਦੀਆਂ ਗੱਲਾਂ’ ਦੀ ਘੁੰਡ ਚੁਕਾਈ
Saturday, Oct 10, 2026 - 03:41 PM (IST)
ਪਟਿਆਲਾ/ਅੰਮ੍ਰਿਤਸਰ (ਦਲਜੀਤ ਸ਼ਰਮਾ) : ਪਲਮੋਨੋਲੋਜਿਸਟ ਅਤੇ ਲੇਖਕ ਡਾ. ਨਰੇਸ਼ ਚਾਵਲਾ ਦੀ ਪੁਸਤਕ ‘ਦਿਲ ਦੀਆਂ ਗੱਲਾਂ—ਕਨਵਰਸੇਸ਼ਨਜ਼ ਫਰੌਮ ਦਾ ਹਾਰਟ’ ਦਾ ਵਿਮੋਚਨ 3 ਅਕਤੂਬਰ ਨੂੰ ਪਟਿਆਲਾ ਵਿਖੇ ਕਰਵਾਏ ਗਏ ਕੌਮੀ ਚੈਸਟ ਫਿਜ਼ੀਸ਼ੀਅਨ ਸੰਮੇਲਨ ਦੌਰਾਨ ਕੀਤਾ ਗਿਆ। ਪੁਸਤਕ ਦੀ ਘੁੰਡ ਚੁਕਾਈ ਪੀ.ਜੀ.ਆਈ. ਚੰਡੀਗੜ੍ਹ ਦੇ ਪਲਮਨਰੀ ਮੈਡੀਸਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਐੱਸ.ਕੇ. ਜਿੰਦਲ ਨੇ ਕੀਤੀ। ਇਸ ਮੌਕੇ ਦੇਸ਼ ਦੇ ਮੈਡੀਕਲ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਸੀਨੀਅਰ ਡਾਕਟਰਾਂ, ਸਹਿਕਰਮੀਆਂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਵਿਚ ਡਾ. ਵਿਸ਼ਾਲ ਚੋਪੜਾ, ਮੁਖੀ ਪਲਮਨਰੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਪਟਿਆਲਾ; ਡਾ. ਆਰ.ਐੱਸ. ਸਿਬੀਆ, ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਪੰਜਾਬ ਦੇ ਸਾਬਕਾ ਡੀ.ਆਰ.ਐੱਮ.ਈ. ਡਾ. ਜੈਕਿਸ਼ਨ; ਟੀ.ਬੀ. ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਬੀ.ਐੱਮ. ਕਟੋਚ; ਕੇ.ਜੀ.ਐੱਮ.ਯੂ. ਲਖਨਊ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸੂਰਿਆ ਕਾਂਤ; ਡਾ. ਵੀ.ਕੇ. ਅਰੋੜਾ; ਲੁਧਿਆਣਾ ਦੇ ਡੀ.ਐੱਚ.ਓ. ਡਾ. ਆਸ਼ੀਸ਼ ਚਾਵਲਾ; ਨੈਟਕੌਨ ਦੇ ਪ੍ਰਬੰਧਕੀ ਸਕੱਤਰ ਡਾ. ਕ੍ਰਾਂਤੀ ਗਰਗ; ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਅੰਮ੍ਰਿਤਸਰ ਦੀ ਪ੍ਰੋਫੈਸਰ ਡਾ. ਮਨੀਸ਼ਾ ਚਾਵਲਾ ਅਤੇ ਸਾਬਕਾ ਸੀ.ਐੱਮ.ਓ. ਡਾ. ਨਰੇਸ਼ ਬਥਲਾ ਸਮੇਤ ਕਈ ਸੀਨੀਅਰ ਡਾਕਟਰ ਮੌਜੂਦ ਸਨ।
ਮਰੀਜ਼ ਦੇ ਨਾਲ-ਨਾਲ ਉਸ ਦੀਆਂ ਭਾਵਨਾਵਾਂ ਨੂੰ ਸਮਝਣਾ ਵੀ ਜ਼ਰੂਰੀ : ਡਾ. ਨਰੇਸ਼ ਚਾਵਲਾ
‘ਦਿਲ ਦੀਆਂ ਗੱਲਾਂ’ ਕੋਈ ਰਵਾਇਤੀ ਡਾਕਟਰੀ ਪੁਸਤਕ ਨਹੀਂ, ਸਗੋਂ ਲੋਕਾਂ ਦੇ ਜੀਵਨ, ਰਿਸ਼ਤਿਆਂ, ਪਰਿਵਾਰ, ਸਮਾਜ, ਪੰਜਾਬੀ ਸੱਭਿਆਚਾਰ, ਡਾਕਟਰੀ ਪੇਸ਼ੇ ਅਤੇ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਨਾਲ ਜੁੜੇ ਤਜਰਬਿਆਂ, ਹਾਸੇ-ਮਜ਼ਾਕ ਅਤੇ ਮਨੁੱਖੀ ਭਾਵਨਾਵਾਂ ਦਾ ਸੰਗ੍ਰਹਿ ਹੈ। ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਲੇਖਕ ਬਣਨ ਦੇ ਉਦੇਸ਼ ਨਾਲ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਉਨ੍ਹਾਂ ਨੂੰ ਲੋਕਾਂ ਨੂੰ ਸਮਝਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ ਅਤੇ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਚੰਗਾ ਲੱਗਦਾ ਸੀ। ਕਈ ਸਾਲਾਂ ਤੱਕ ਉਹ ਇਹ ਤਜਰਬੇ ਫੇਸਬੁੱਕ ’ਤੇ ‘ਦਿਲ ਦੀਆਂ ਗੱਲਾਂ’ ਦੇ ਨਾਂ ਹੇਠ ਸਾਂਝੇ ਕਰਦੇ ਰਹੇ ਅਤੇ ਹੌਲੀ-ਹੌਲੀ ਇਹ ਲਿਖਤਾਂ ਪੁਸਤਕ ਦਾ ਰੂਪ ਧਾਰਨ ਕਰ ਗਈਆਂ।
ਉਨ੍ਹਾਂ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਿਲੇ ਤਜਰਬਿਆਂ ਨੇ ਉਨ੍ਹਾਂ ਦੀ ਲੇਖਣੀ ਨੂੰ ਨਵਾਂ ਨਜ਼ਰੀਆ ਦਿੱਤਾ ਹੈ। ਦਵਾਈ ਅਤੇ ਇਲਾਜ ਨੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਬਿਮਾਰੀ ਦੇ ਪਿੱਛੇ ਲੁਕੇ ਇਨਸਾਨ ਨੂੰ ਸਮਝਣਾ ਵੀ ਓਨਾ ਹੀ ਜ਼ਰੂਰੀ ਹੈ। ਹਰ ਮਰੀਜ਼ ਦੀ ਆਪਣੀ ਕਹਾਣੀ ਅਤੇ ਹਰ ਪਰਿਵਾਰ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣਨ ਅਤੇ ਸਮਝਣ ਦੀ ਲੋੜ ਹੈ। ਪੁਸਤਕ ਵਿਚ ਪੰਜਾਬੀ ਅਤੇ ਭਾਰਤੀ ਜੀਵਨ ਦੀ ਝਲਕ ਦੇ ਨਾਲ ਹਾਸੇ-ਵਿਅੰਗ, ਸਮਾਜਿਕ ਟਿੱਪਣੀਆਂ, ਡਾਕਟਰੀ ਖੇਤਰ ਦੇ ਤਜਰਬਿਆਂ ਅਤੇ ਹਿੰਦੀ-ਪੰਜਾਬੀ ਸੰਵਾਦਾਂ ਨੂੰ ਸਹਿਜ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਡਾ. ਚਾਵਲਾ ਅਨੁਸਾਰ, ਪੁਸਤਕ ਦਾ ਉਦੇਸ਼ ਪਾਠਕਾਂ ਨੂੰ ਉਪਦੇਸ਼ ਦੇਣਾ ਨਹੀਂ, ਸਗੋਂ ਉਨ੍ਹਾਂ ਨਾਲ ਦਿਲੋਂ ਗੱਲਬਾਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਪਾਠਕ ਪੁਸਤਕ ਦੀ ਕਿਸੇ ਕਹਾਣੀ ਨੂੰ ਪੜ੍ਹ ਕੇ ਇਹ ਮਹਿਸੂਸ ਕਰੇ ਕਿ ਇਹ ਘਟਨਾ ਤਾਂ ਉਸ ਦੀ ਆਪਣੀ ਜ਼ਿੰਦਗੀ ਨਾਲ ਵੀ ਜੁੜੀ ਹੋਈ ਹੈ, ਤਾਂ ਇਹੀ ਇਸ ਪੁਸਤਕ ਦੀ ਸਭ ਤੋਂ ਵੱਡੀ ਸਫ਼ਲਤਾ ਹੋਵੇਗੀ। ‘ਦਿਲ ਦੀਆਂ ਗੱਲਾਂ—ਕਨਵਰਸੇਸ਼ਨਜ਼ ਫਰੌਮ ਦਾ ਹਾਰਟ’ ਹੁਣ ਪਾਠਕਾਂ ਲਈ ਐਮਾਜ਼ੋਨ ਇੰਡੀਆ ਰਾਹੀਂ ਉਪਲਬਧ ਹੈ।
