ਪਟਿਆਲਾ ''ਚ ਬੱਚਿਆਂ ਦੀ ਲੜਾਈ ਪਿੱਛੇ ਹੋ ਗਿਆ 33 ਸਾਲਾ ਵਿਅਕਤੀ ਕਤਲ

Monday, Oct 05, 2026 - 06:47 PM (IST)

ਪਟਿਆਲਾ ''ਚ ਬੱਚਿਆਂ ਦੀ ਲੜਾਈ ਪਿੱਛੇ ਹੋ ਗਿਆ 33 ਸਾਲਾ ਵਿਅਕਤੀ ਕਤਲ

ਪਟਿਆਲਾ (ਸੁਖਮੀਤ): ਪਟਿਆਲਾ ਦੇ ਬਾਬੂ ਸਿੰਘ ਕਲੋਨੀ ਵਿਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਈ ਤਕਰਾਰ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਘਟਨਾ ਵਿਚ 33 ਸਾਲਾ ਰਾਮੂ ਨਾਮਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

ਪੀੜਤ ਧਿਰ ਵੱਲੋਂ ਇਸ ਮਾਮਲੇ ਵਿਚ ਪਟਿਆਲਾ ਦੇ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਦੇ ਨਾਮ ਲਏ ਜਾ ਰਹੇ ਹਨ। ਪੀੜਤ ਧਿਰ ਦਾ ਦੋਸ਼ ਹੈ ਕਿ ਕਈ ਵਿਅਕਤੀਆਂ ਅਤੇ ਔਰਤਾਂ ਨੇ ਇਕੱਠੇ ਹੋ ਕੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕੀਤਾ। ਇਸ ਦੇ ਨਾਲ ਹੀ ਪੀੜਤ ਪਰਿਵਾਰ ਵੱਲੋਂ ਪੁਲਸ ਦੀ ਕਾਰਵਾਈ ’ਤੇ ਵੀ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਸ਼ੰਕਰ ਭਾਰਦਵਾਜ ਦੀ ਕਥਿਤ ਪਹੁੰਚ ਕਾਰਨ ਪੁਲਸ ਵੱਲੋਂ ਮਾਮਲੇ ਵਿਚ ਹਲਕੀਆਂ ਧਾਰਾਵਾਂ ਲਗਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ, ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੁਲਸ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਮਾਮਲੇ ਵਿਚ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਰਾਮੂ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਬਾਏ-ਨੇਮ ਤਕਰੀਬਨ ਛੇ ਵਿਅਕਤੀਆਂ ਸਮੇਤ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।


author

Anmol Tagra

Content Editor

Related News