ਪਾਤੜਾਂ ’ਚ ਪਨਸਪ ਵਲੋਂ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

Tuesday, Oct 06, 2026 - 03:47 PM (IST)

ਪਾਤੜਾਂ ’ਚ ਪਨਸਪ ਵਲੋਂ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

ਪਾਤੜਾਂ (ਸਨੇਹੀ) : ਪਾਤੜਾਂ ਦੀ ਅਨਾਜ ਮੰਡੀ ਵਿਚ ਪਨਸਪ ਵਲੋਂ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ। ਪਨਸਪ ਦੇ ਇੰਸਪੈਕਟਰ ਜਸ਼ਨਵੀਰ ਸਿੰਘ ਅਤੇ ਇੰਸਪੈਕਟਰ ਹਰਪਿੰਦਰ ਸਿੰਘ ਵਲੋਂ ਜਗਰੂਪ ਮੱਲ ਐਂਡ ਸਨਜ਼, ਪਾਤੜਾਂ ਵਿਖੇ ਪੀਆਰ ਝੋਨੇ ਦੀ ਬੋਲੀ ਲਗਵਾ ਕੇ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਨਸਪ ਦੇ ਇੰਸਪੈਕਟਰ ਜਸ਼ਨਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸਰਕਾਰੀ ਖਰੀਦ ਲਈ ਮੰਡੀ ਵਿਚ ਲਿਆਉਣ ਸਮੇਂ 17 ਫੀਸਦੀ ਨਮੀ ਦੇ ਨਿਰਧਾਰਤ ਮਾਪਦੰਡ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਮਾਪਦੰਡਾਂ ਅਨੁਸਾਰ ਝੋਨਾ ਮੰਡੀ ਵਿਚ ਲਿਆਂਦਾ ਜਾਵੇ ਤਾਂ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਸਹੂਲਤ ਰਹੇਗੀ ਅਤੇ ਕਿਸਾਨਾਂ ਨੂੰ ਵੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਅਤੇ ਮੰਡੀਕਰਨ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਮੰਡੀ ਵਿਚ ਖਰੀਦ ਦਾ ਕੰਮ ਸੁਚੱਜੇ ਢੰਗ ਨਾਲ ਚੱਲਦਾ ਰਹੇ। ਇਸ ਮੌਕੇ ਕਿਸਾਨ ਪਾਰਸਦੀਪ ਸਿੰਘ ਨਿਆਲ, ਬਘੇਲ ਸਿੰਘ ਪੂਣੀਆਂ ਦੁਤਾਲ ਨੇ ਕਿਹਾ ਕਿ ਕਿਸਾਨ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ। ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਸਹੂਲਤ ਮਿਲੇਗੀ ਅਤੇ ਮੰਡੀ ਵਿਚ ਖਰੀਦ ਪ੍ਰਕਿਰਿਆ ਵਿਚ ਵੀ ਤੇਜ਼ੀ ਆਵੇਗੀ। ਕਿਸਾਨਾਂ ਨੇ ਸਰਕਾਰੀ ਖਰੀਦ ਸ਼ੁਰੂ ਕਰਨ ਲਈ ਪ੍ਰਸ਼ਾਸਨ ਅਤੇ ਖਰੀਦ ਏਜੰਸੀ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਮੰਡੀ ਵਿਚ ਝੋਨੇ ਦੀ ਖਰੀਦ ਦੇ ਨਾਲ-ਨਾਲ ਲਿਫਟਿੰਗ ਦਾ ਕੰਮ ਵੀ ਨਿਰਵਿਘਨ ਢੰਗ ਨਾਲ ਜਾਰੀ ਰੱਖਿਆ ਜਾਵੇ, ਤਾਂ ਜੋ ਮੰਡੀ ਵਿਚ ਫਸਲ ਦੀ ਆਮਦ ਵਧਣ ਸਮੇਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


author

Gurminder Singh

Content Editor

Related News