ਪੰਜਾਬ ''ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਇਨ੍ਹਾਂ ਵਾਰਡਾਂ ''ਚ ਦੁਬਾਰਾ ਹੋਵੇਗੀ ਵੋਟਿੰਗ

Wednesday, Oct 07, 2026 - 07:07 PM (IST)

ਪੰਜਾਬ ''ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਇਨ੍ਹਾਂ ਵਾਰਡਾਂ ''ਚ ਦੁਬਾਰਾ ਹੋਵੇਗੀ ਵੋਟਿੰਗ

ਚੰਡੀਗੜ੍ਹ: ਸੁਪਰੀਮ ਕੋਰਟ ਨੇ ਨਗਰ ਨਿਗਮ ਪਟਿਆਲਾ, ਨਗਰ ਕੌਂਸਲ ਧਰਮਕੋਟ ਅਤੇ ਬਾਘਾਪੁਰਾਣਾ ਦੇ 50 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਵਾਰਡਾਂ ’ਚ ਨਿਆਂਇਕ ਨਿਗਰਾਨੀ ਹੇਠ ਦੁਬਾਰਾ ਚੋਣਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੇਵਾਮੁਕਤ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਇਨ੍ਹਾਂ ਵਾਰਡਾਂ ’ਚ ਨਵੇਂ ਸਿਰਿਓਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ, ਸੁਪਰੀਮ ਕੋਰਟ ਵੱਲੋਂ ਨਗਰ ਨਿਗਮ ਪਟਿਆਲਾ ਦੇ 28, ਨਗਰ ਕੌਂਸਲ ਧਰਮਕੋਟ ਦੇ 7 ਅਤੇ ਨਗਰ ਕੌਂਸਲ ਬਾਘਾਪੁਰਾਣਾ ਦੇ ਸਾਰੇ 15 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ਤੇ ਇਨ੍ਹਾਂ ਵਾਰਡਾਂ ਵਿਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਪਟਿਆਲਾ ਦੇ ਵਾਰਡ ਨੰਬਰ 1, 4, 6, 12, 14, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55 ਅਤੇ 57 ਵਿਚ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਣ ਅਤੇ ਜ਼ਬਰਦਸਤੀ ਚੋਣ ਲੜਨ ਤੋਂ ਬਾਹਰ ਰੱਖਣ ਦੇ ਦੋਸ਼ ਲੱਗੇ ਸਨ। ਇਸੇ ਤਰ੍ਹਾਂ ਧਰਮਕੋਟ ਨਗਰ ਕੌਂਸਲ ਦੇ ਵਾਰਡ ਨੰਬਰ 1, 2, 3, 4, 7, 9 ਅਤੇ 13 ਅਤੇ ਬਾਘਾ ਪੁਰਾਣਾ ਮਿਉਂਸਪਲ ਕੌਂਸਲ ਦੇ ਸਾਰੇ ਹੀ 15 ਵਾਰਡਾਂ ਵਿਚ ਵੀ ਚੋਣਾਂ ਦੁਬਾਰਾ ਹੋਣਗੀਆਂ।

ਇੱਥੇ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਸਨ ਤੇ ਭਾਜਪਾ ਵੱਲੋਂ ਇਸ ਮਾਮਲੇ ਵਿਚ ਪਹਿਲਾਂ ਹਾਈ ਕੋਰਟ ਤੇ ਫ਼ਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਹਾਈ ਕੋਰਟ ਦੇ ਸਾਬਕਾ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਤੱਥਾਂ ਦੀ ਜਾਂਚ ਲਈ ਕਮੇਟੀ ਬਣਾਈ ਗਈ ਸੀ ਤੇ ਇਸੇ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਅੱਜ ਸੁਪਰੀਮ ਕੋਰਟ ਨੇ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। 


author

Anmol Tagra

Content Editor

Related News