ਪਟਿਆਲਾ ''ਚ ਦੋ ਵੱਖ-ਵੱਖ ਹਾਦਸਿਆਂ ''ਚ 3 ਲੋਕਾਂ ਦੀ ਦਰਦਨਾਕ ਮੌਤ
Saturday, Oct 17, 2026 - 08:24 PM (IST)
ਪਾਤੜਾਂ (ਮਾਨ): ਪਟਿਆਲਾ ਜ਼ਿਲ੍ਹੇ ਦੇ ਉਪ-ਮੰਡਲ ਪਾਤੜਾਂ ਅਧੀਨ ਆਉਂਦੇ ਕਸਬਾ ਘੱਗਾ ਨੇੜੇ ਪਾਤੜਾਂ-ਪਟਿਆਲਾ ਮੁੱਖ ਮਾਰਗ 'ਤੇ ਅੱਜ ਵਾਪਰੇ ਦੋ ਦਿਲ ਹਲੂਣ ਦੇਣ ਵਾਲੇ ਸੜਕ ਹਾਦਸਿਆਂ ਵਿਚ ਤਿੰਨ ਮੋਟਰਸਾਈਕਲ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਨ੍ਹਾਂ ਦਰਦਨਾਕ ਹਾਦਸਿਆਂ ਨੇ ਇਲਾਕੇ ਵਿਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ 'ਸੜਕ ਸੁਰੱਖਿਆ ਫ਼ੋਰਸ' ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਸ ਨੇ ਦੋਵਾਂ ਹਾਦਸਿਆਂ ਵਿਚ ਸ਼ਾਮਲ ਕਾਰ ਅਤੇ ਪੀ-ਕੈਪ ਵਾਹਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵਾਂ ਵਾਹਨਾਂ ਦੇ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।
ਪਹਿਲਾ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਇਆ ਮੋਟਰਸਾਈਕਲ, 2 ਦੀ ਮੌਤ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਹਾਦਸਾ ਘੱਗਾ ਸ਼ਹਿਰ ਦੇ ਡੇਰਾ ਸੱਚਾ ਸੌਦਾ ਸਤਿਸੰਗ ਭਵਨ ਨੇੜੇ ਵਾਪਰਿਆ। ਇੱਥੇ ਇਕ ਬੇਕਾਬੂ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸੂਬਾ ਸਿੰਘ ਅਤੇ ਰਾਜਵਿੰਦਰ ਸਿੰਘ (ਦੋਵੇਂ ਵਾਸੀ ਸ਼ੇਰਖਾਂ ਵਾਲਾ, ਬੁਢਲਾਡਾ) ਸੜਕ 'ਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੂਜਾ ਭਿਆਨਕ ਹਾਦਸਾ: ਪੀ-ਕੈਪ ਵਾਹਨ ਦੀ ਟੱਕਰ ਨਾਲ ਇਕ ਹੋਰ ਨੌਜਵਾਨ ਦੀ ਮੌਤ
ਦੂਸਰਾ ਦਿਲ ਕੰਬਾਊ ਹਾਦਸਾ ਪਾਤੜਾਂ-ਪਟਿਆਲਾ ਰੋਡ 'ਤੇ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸਵੇਅ ਨੇੜੇ ਵਾਪਰਿਆ। ਇੱਥੇ ਇਕ ਤੇਜ਼ ਰਫ਼ਤਾਰ ਪੀ-ਕੈਪ ਵਾਹਨ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਜਸਪਾਲ ਸਿੰਘ ਪੁੱਤਰ ਬਲਜੀਤ ਸਿੰਘ (ਵਾਸੀ ਕਕਰਾਲਾ ਭਾਈਕਾ) ਅਤੇ ਗੁਰਨੈਬ ਸਿੰਘ (ਵਾਸੀ ਕਲਵਾਣੂ) ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਅਤੇ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਨੇ ਦੋਵਾਂ ਨੂੰ ਸਰਕਾਰੀ ਹਸਪਤਾਲ ਪਾਤੜਾਂ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਸਪਾਲ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉੱਥੇ ਹੀ, ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਗੁਰਨੈਬ ਸਿੰਘ ਨੂੰ ਹਾਲਤ ਨਾਜ਼ੁਕ ਹੋਣ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਵਾਹਨ ਕਬਜ਼ੇ ਵਿਚ, ਫ਼ਰਾਰ ਚਾਲਕਾਂ ਦੀ ਭਾਲ ਤੇਜ਼
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਥਾਣਾ ਘੱਗਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅਤੇ ਜਾਂਚ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸਿਆਂ ਵਿਚ ਸ਼ਾਮਲ ਕਾਰ ਅਤੇ ਪੀ-ਕੈਪ ਵਾਹਨ ਨੂੰ ਕਬਜ਼ੇ ਵਿਚ ਲੈ ਲਿਆ ਹੈ। ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਵਾਹਨ ਚਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਗਿਆ ਹੈ।
