'ਪੰਜਾਬ ਬੰਦ' ਨੂੰ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਐਲਾਨ- 'ਮੁਕੰਮਲ ਬੰਦ ਰਹੇਗੀ ਪੰਜਾਬੀ ਯੂਨੀਵਰਸਿਟੀ'
Wednesday, Oct 14, 2026 - 08:20 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ): ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀਆਂ ਵਿਦਿਆਰਥੀ, ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ 15 ਅਕਤੂਬਰ ਦੇ ''ਪੰਜਾਬ ਬੰਦ'' ਦੇ ਸੱਦੇ ਦਾ ਪੂਰਨ ਸਮਰਥਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਮੁਕੰਮਲ ਤੌਰ ''ਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਕੱਲ੍ਹ ਮਾਨਸਾ ਸ਼ਹਿਰ ਵਿਚ ਵਾਪਰੀ, ਜਿੱਥੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਕਾਰਕੁੰਨ ਪਰਵਿੰਦਰ ਝੋਟੇ ਨੇ ਲਾਈਵ ਵੀਡੀਓ ਦੌਰਾਨ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਨਸ਼ਾ ਵੇਚਦਿਆਂ ਰੰਗੇ ਹੱਥੀਂ ਫੜ ਲਿਆ ਸੀ। ਜਦੋਂ ਉਹ ਪੁਲਸ ਨੂੰ ਮੌਕੇ 'ਤੇ ਸੱਦ ਰਿਹਾ ਸੀ, ਤਾਂ ਮੈਡੀਕਲ ਮਾਲਕ ਨੇ ਪਿਸਤੌਲ ਕੱਢ ਕੇ ਉਸ 'ਤੇ ਗੋਲ਼ੀਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਪਰਵਿੰਦਰ ਝੋਟੇ ਦੀ ਮੌਤ ਹੋ ਗਈ।
ਇਸ ਮੌਕੇ ਪੀ.ਐਸ.ਯੂ. (ਲਲਕਾਰ) ਤੋਂ ਹਰਪ੍ਰੀਤ ਸਿੰਘ, ਕਰਮਚਾਰੀ ਸੰਘ ਤੋਂ ਨਵਦੀਪ ਚਾਨੀ, ਗੁਰਮੀਤ ਸਹੋਤਾ, ਮਨੋਜ ਪੰਜੋਲਾ ਅਤੇ ਮਨੋਜ ਭਾਂਬਰੀ, ਡੀ.ਐਸ.ਓ. ਤੋਂ ਪਾਰਸ ਅਤੇ ਗੁਰਸ਼ਿੰਦਰ ਸਿੰਘ, ਪੀ.ਯੂ.ਸੀ.ਟੀ.ਏ. ਤੋਂ ਸੁਰਿੰਦਰ ਸਿੰਘ ਅਤੇ ਅਮਨਦੀਪ ਸਿੰਘ ਭੰਡਾਰੀ, ਅਗਰਗਾਮੀ ਤੋਂ ਵਿਕਾਸ ਅਤੇ ਪੀ.ਯੂ.ਜੀ.ਟੀ.ਏ. ਤੋਂ ਵਰਿੰਦਰ ਖੁਰਾਨਾ ਸਮੇਤ ਆਗੂ ਸ਼ਾਮਲ ਸਨ। ਇਸਤੋਂ ਇਲਾਵਾ ਪੀ.ਐਸ.ਯੂ., ਪੀ.ਆਰ.ਐਸ.ਯੂ., ਐੱਸ.ਐੱਫ.ਆਈ., ਏ.ਐੱਸ.ਐੱਸ.ਐੱਫ. ਅਤੇ ਪੀ.ਐੱਸ.ਐੱਫ. ਜਥੇਬੰਦੀਆਂ ਨੇ ਵੀ ਇਸ ਪ੍ਰੋਗਰਾਮ ਦੀ ਹਮਾਇਤ ਕੀਤੀ ਅਤੇ ਹਿੱਸਾ ਬਣਨ ਦਾ ਐਲਾਨ ਕੀਤਾ।
ਪਰਵਿੰਦਰ ਝੋਟੇ ਨੂੰ ਇਨਸਾਫ ਦਿਵਾਉਣ ਲਈ ਕੀਤਾ ਰੋਸ ਮੁਜਾਹਰਾ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਰੋਸ ਮੁਜਾਹਰਾ' ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗੱਲ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿਨ ਦਿਹਾੜੇ ਕਤਲ ਦੀਆਂ ਅਜਿਹੀਆਂ ਵਾਰਦਾਤਾਂ ਪੁਲਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।
ਯ
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਖਿਲਾਫ਼ ਸੰਘਰਸ਼ ਕਰ ਰਿਹਾ ਸੀ, ਪੰਜਾਬ ਪੁਲਸ ਤੋਂ ਨਸ਼ਾ ਤਸਕਰਾਂ ਉੱਪਰ ਕਾਰਵਾਈ ਦੀ ਮੰਗ ਕਰ ਰਿਹਾ ਸੀ। ਨਸ਼ਿਆਂ ਦੇ ਵਪਾਰ ਨੂੰ ਬੰਦ ਕਰਾਉਣ ਲਈ ਅੱਜ ਲੋਕਾਂ ਦਾ ਮਜ਼ਬੂਤ ਏਕਾ ਉਸਾਰਨ ਦੀ ਲੋੜ ਹੈ। ਪਿੰਡਾਂ ਸ਼ਹਿਰਾਂ ਵਿਚ ਕਮੇਟੀਆਂ ਬਣਾ ਕੇ,ਠੀਕਰੀ ਪਹਿਰੇ ਲਾ ਕੇ ਨਸ਼ੇ ਦੀ ਤਸਕਰੀ ''ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਕੱਲ੍ਹ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ, ਸਮੂਹ ਵਿਦਿਆਰਥੀਆਂ ਨੂੰ ਇਸ ਬੰਦ ਦੀ ਕਾਲ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਦਿਲਪ੍ਰੀਤ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਆਦਰਸ਼ ਸਿੰਘ ਨੇ ਪਾਸ਼ ਦੀ ਬਾਡਰ ਕਵਿਤਾ ਪੜ੍ਹੀ। ਇਸ ਦੌਰਾਨ ਸੰਜੂ ਕੁਮਾਰ, ਗੁਰਵਿੰਦਰ ਸਿੰਘ, ਤੇਜਸਵਿਨੀ, ਅਵਨੀਤ ਆਦਿ ਆਗੂ ਮੌਜੂਦ ਸਨ।
