ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ

12/18/2020 12:03:33 PM

ਜਲੰਧਰ— ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੜਕਾਂ ’ਤੇ ਹਨ ਅਤੇ ਪਿਛਲੇ 20 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਇਸ ਤੋਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਫਾਇਦਾ ਲੈਣ ਵਿਚ ਜੁਟੀਆਂ ਹੋਈਆਂ ਹਨ। ਜਵਾਬ ਵਿਚ ਭਾਰਤੀ ਜਨਤਾ ਪਾਰਟੀ ਲਗਾਤਾਰ ਵਿਰੋਧੀਆਂ ’ਤੇ ਪਲਟਵਾਰ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਕਾਨੂੰਨ ਦੀਆਂ ਬਾਰੀਕੀਆਂ ਸਮਝਾ ਰਹੀ ਹੈ। ਇਸ ਮਸਲੇ ’ਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਕੇਸਰੀ ਗਰੁੱਪ ਦੇ ਵਿਸ਼ੇਸ਼ ਪੱਤਰਕਾਰ ਸੁਨੀਲ ਪਾਂਡੇ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਅੰਸ਼–

ਸਵਾਲ : ਤੁੁਹਾਡੀ ਪਾਰਟੀ ਦੇ 23 ਸਾਲ ਪੁਰਾਣੇ ਮਿੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਕਿਹਾ ਹੈ, ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ?
ਜਵਾਬ :
ਭਾਜਪਾ ਨੇ ਹਮੇਸ਼ਾ ਗਠਜੋੜ ਦਾ ਧਰਮ ਨਿਭਾਇਆ ਹੈ। 2 ਸੰਸਦ ਮੈਂਬਰਾਂ ਵਾਲੀ ਪਾਰਟੀ ਨੂੰ 2 ਵਾਰ ਭਾਰਤ ਸਰਕਾਰ ’ਚ ਕੈਬਨਿਟ ਮੰਤਰੀ ਬਣਾਇਆ ਗਿਆ। ਇਸ ਦੇ ਬਾਵਜੂਦ ਪਾਰਟੀ ਸਰਕਾਰ ਦਾ ਵਿਰੋਧ ਕਰ ਰਹੀ ਹੈ। ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੁਦ ਹੀ ਟੁਕੜੇ-ਟੁਕੜੇ ਹੋ ਕੇ ਬਿਖਰ ਗਈ ਹੈ। ਪਾਰਟੀ ਦੀ ਡਿਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਇਨ੍ਹੀਂ ਦਿਨੀਂ ਘਟੀਆ ਅਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਜਿਸ ਦਾ ਕੋਈ ਆਧਾਰ ਨਹੀਂ। ਹੁਣ ਪੰਜਾਬ ’ਚ ਨਾ ਤਾਂ ਜਨਤਾ ਸੁਖਬੀਰ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾ। ਪੰਜਾਬ ’ਚ ਅਕਾਲੀ ਦਲ ਆਪਣਾ ਫਤਵਾ ਗੁਆ ਚੁੱਕੀ ਹੈ, ਜਿਸ ਦਾ ਜਵਾਬ ਹੁਣ ਜਨਤਾ 2022 ਵਿਚ ਦੇਵੇਗੀ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਸਵਾਲ : ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਭਾਜਪਾ ਹਿੰਦੂ-ਸਿੱਖ ’ਚ ਲੜਾਈ ਕਰਵਾਉਣਾ ਚਾਹੁੰਦੀ ਹੈ।
ਜਵਾਬ :
ਭਾਜਪਾ ਸ਼ੁਰੂ ਤੋਂ ਹੀ ਪੰਜਾਬੀ ਏਕਤਾ ਅਤੇ ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਦੀ ਗੱਲ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਇਤਿਹਾਸ ਗਵਾਹ ਹੈ ਜਦੋਂ ਇਕ ਭਾਈਚਾਰੇ ਦੇ ਲੋਕਾਂ ਨੂੰ ਬੱਸ ਜਾਂ ਟਰੇਨ ਵਿਚੋਂ ਉਤਾਰ ਕੇ ਲਾਈਨਾਂ ਵਿਚ ਖੜ੍ਹਾ ਕਰਕੇ ਸਮੂਹਿਕ ਤੌਰ ’ਤੇ ਮਾਰਿਆ ਜਾ ਰਿਹਾ ਸੀ, ਉਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਸਮਾਜ ਵਿਚ ਸੰਜਮ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਸੀ ਅਤੇ ਅੱਗੇ ਵੀ ਦਿੰਦੀ ਰਹੇਗੀ।

ਸਵਾਲ : ਸੁਖਬੀਰ ਬਾਦਲ ਕਹਿੰਦੇ ਹਨ ਕਿ ਭਾਜਪਾ ਟੁਕੜੇ-ਟੁਕੜੇ ਕਰਵਾਉਣਾ ਚਾਹੁੰਦੀ ਹੈ?
ਜਵਾਬ :
ਜਦੋਂ ਅੱਤਵਾਦ ਸੀ ਉਸ ਵੇਲੇ ਡਰ ਕੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੁਖਬੀਰ ਬਾਦਲ ਨੂੰ ਵਿਦੇਸ਼ ਪੜਨ ਲਈ ਭੇਜ ਦਿੱਤਾ ਸੀ। ਉਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਜ਼ਮੀਨ ’ਤੇ ਡਟੇ ਹੋਏ ਸਨ। ਨਾਲ ਹੀ ਉਹ ਲੋਕਾਂ ਵਿਚ ਪਿਆਰ ਤੇ ਭਾਈਚਾਰਕ ਸਾਂਝ ਵਧਾਉਣ ਲਈ ਪਿੰਡ-ਪਿੰਡ ਅਤੇ ਸ਼ਹਿਰਾਂ ’ਚ ਸੰਮੇਲਨ ਕਰ ਰਹੀ ਸੀ ਅਤੇ ਹਿਜਰਤ ਰੋਕ ਰਹੀ ਸੀ।

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

PunjabKesari
ਸਵਾਲ : ਭਾਜਪਾ ’ਤੇ ਹੋ ਰਹੇ ਸਿਆਸੀ ਹਮਲੇ ਨੂੰ ਕਿਵੇਂ ਲੈਂਦੇ ਹੋ?
ਜਵਾਬ :
ਅਸਲ ਵਿਚ 1997 ’ਚ ਜਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ ਸੀ, ਉਸ ਵੇਲੇ ਤੋਂ ਅੱਜ ਤਕ ਇਕ ਪਰਿਵਾਰ ਦੇ ਕੁਝ ਲੋਕਾਂ ਦੀ ਵੱਡੀ ਇੱਛਾ ਨੂੰ ਪੂਰਾ ਕਰਨ ਵਿਚ ਅਕਾਲੀ ਦਲ ਲੱਗਾ ਰਿਹਾ। ਇਸ ਦੇ ਕਾਰਨ ਹੀ ਅਕਾਲੀ ਦਲ ਦੇ ਕਈ ਟੁਕੜੇ ਹੋ ਗਏ। ਟਕਸਲੀ ਨੇਤਾ ਸ. ਗੁਰਚਰਨ ਸਿੰਘ ਟੋਹੜਾ, ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਗੁਰਦੇਵ ਸਿੰਘ ਬਾਦਲ, ਸ. ਸੇਵਾ ਸਿੰਘ ਸੇਖਵਾਂ ਅਤੇ ਸ. ਕੰਵਲਜੀਤ ਸਿੰਘ ਆਦਿ ਵਰਗੇ ਦਿੱਗਜ ਇਕ ਪਰਿਵਾਰ ਦੇ ਹੰਕਾਰ ਤੇ ਪੁੱਤਰ-ਮੋਹ ਵਿਚ ਅਕਾਲੀ ਦਲ ਛੱਡ ਗਏ ਹਨ। ਇਸ ਲਈ ਆਪਣੀ ਡਿੱਗਦੀ ਹੋਈ ਸਾਖ ਤੇ ਡੁੱਬਦੀ ਬੇੜੀ ਨੂੰ ਬਚਾਉਣ ਲਈ ਸੁਖਬੀਰ ਝੂਠੀ ਅਤੇ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ।

ਸਵਾਲ : ਭਾਰਤੀ ਜਨਤਾ ਪਾਰਟੀ ਕੀ ਘੱਟ-ਗਿਣਤੀਆਂ ਦੀ ਵਿਰੋਧੀ ਪਾਰਟੀ ਹੈ?
ਜਵਾਬ :
ਭਾਜਪਾ ਦੇ ਨੇਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰ ਹੈ–ਸਾਰਿਆਂ ਦਾ ਵਿਕਾਸ ਅਤੇ ਗਰੀਬ ਦੇ ਜੀਵਨ ਵਿਚ ਉਸਾਰੂ ਤਬਦੀਲੀ ਲਿਆਉਣਾ। ਭਾਜਪਾ ਇਸ ਮੁੱਦੇ ’ਤੇ ਕੰਮ ਕਰ ਰਹੀ ਹੈ। ਜਦੋਂ ਕੁਝ ਨੇਤਾ ਸੰਵਿਧਾਨ ਦੀਆਂ ਕਾਪੀਆਂ ਸਾੜ ਰਹੇ ਸਨ ਅਤੇ ਐੱਸ. ਵਾਈ. ਐੱਲ. ਬਣਾਉਣ ਲਈ ਚਾਂਦੀ ਦੀ ਕੜਾਹੀ ਅਤੇ ਕਈ ਸੌਗਾਤਾਂ ਦੇ ਰਹੇ ਸਨ, ਉਸ ਵੇਲੇ ਵੀ ਭਾਜਪਾ ਪੰਜਾਬੀ ਏਕਤਾ ਤੇ ਹਿੰਦੂ-ਸਿੱਖ ਭਾਈਚਾਰੇ ਦੀ ਗੱਲ ਕਰ ਰਹੀ ਸੀ।

ਸਵਾਲ : ਅਕਾਲੀ ਦਲ ਕਹਿੰਦਾ ਹੈ ਕਿ ਮੋਦੀ ਜੀ ਅਮੀਰਾਂ ਅਤੇ ਉਦਯੋਗਪਤੀਆਂ ਦੇ ਪ੍ਰਧਾਨ ਮੰਤਰੀ ਹਨ?
ਜਵਾਬ :
ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਕੈਬਨਿਟ ਵਿਚ ਫੈਸਲਾ ਲਿਆ ਸੀ ਕਿ ਮੇਰੀ ਸਰਕਾਰ ਗਰੀਬਾਂ ਦੀ ਸਰਕਾਰ ਹੋਵੇਗੀ। ਪ੍ਰਧਾਨ ਮੰਤਰੀ ਨੇ 10 ਕਰੋੜ ਘਰਾਂ ਵਿਚ ਟਾਇਲਟ ਬਣਾਏ, ਘਰ-ਘਰ ਵਿਚ ਰਸੋਈ ਗੈਸ, ਹਰ ਗਰੀਬ ਦਾ ਬੈਂਕ ਖਾਤਾ, ਸਾਰਿਆਂ ਨੂੰ 2022 ਤਕ ਪੱਕਾ ਮਕਾਨ, ਹਰ ਕਿਸਾਨ ਦੇ ਖਾਤੇ ਵਿਚ ਸਨਮਾਨ ਨਿਧੀ ਦਾ ਪੈਸਾ, ਕਰੰਸੀ ਲੋਨ, ਸਕਿੱਲ ਇੰਡੀਆ, 50 ਕਰੋੜ ਭਾਰਤੀਆਂ ਨੂੰ 5 ਲੱਖ ਦਾ ਹੈਲਥ ਕਾਰਡ, ਕੀ ਇਹ ਸਭ ਪ੍ਰਧਾਨ ਮੰਤਰੀ ਨੇ ਅਮੀਰਾਂ ਲਈ ਕੀਤਾ ਹੈ? ਨਹੀਂ, ਦੇਸ਼ ਦੀ ਜਨਤਾ ਨੂੰ ਪਤਾ ਹੈ ਕਿ ਮੋਦੀ ਜੀ ਗਰੀਬਾਂ ਦੇ ਮਸੀਹਾ ਹਨ।

ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

ਸਵਾਲ : ਕਿਸਾਨ ਅੰਦੋਲਨ ਕਈ ਦਿਨਾਂ ਤੋਂ ਚੱਲ ਰਿਹਾ ਹੈ, ਇਸ ਬਾਰੇ ਕੀ ਕਹੋਗੇ?
ਜਵਾਬ :
ਕਿਸਾਨ ਅੰਦੋਲਨ ਕਾਂਗਰਸ ਪਾਰਟੀ ਸਮੇਤ ਵਿਰੋਧੀਆਂ ਦੀ ਦੇਣ ਹੈ। ਕਿਸਾਨਾਂ ਲਈ ਮੋਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਹ ਮੋਦੀ ਸਰਕਾਰ ਹੀ ਹੈ, ਜਿਸ ਨੇ 12 ਲੱਖ ਕਰੋੜ ਦੇ ਖੇਤੀ ਬਜਟ ਨੂੰ ਸਵਾ ਲੱਖ ਕਰੋੜ ਕਰ ਦਿੱਤਾ ਹੈ। 2013 ਵਿਚ ਖੇਤੀ ਬਜਟ 12 ਲੱਖ ਕਰੋੜ ਦੇ ਲਗਭਗ ਸੀ, ਜਦੋਂਕਿ ਮੋਦੀ ਸਰਕਾਰ ਨੇ ਸਵਾ ਲੱਖ ਕਰੋੜ ਤਕ ਪਹੁੰਚਾਇਆ ਹੈ। ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦੀ ਨੀਤੀ ਤੇ ਨੀਅਤ ਕਿਸਾਨਾਂ ਦੇ ਹਿੱਤ ਵਿਚ ਹੈ, ਜਿਸ ’ਤੇ ਕਾਂਗਰਸ ਦੇ ਨੇਤਾ ਸਿਆਸਤ ਕਰ ਰਹੇ ਹਨ। ਖ਼ਾਸ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਘਟੀਆ ਕਿਸਮ ਦੀ ਸਿਆਸਤ ਕਰ ਰਹੇ ਹਨ। ਕਦੇ ਟਰੈਕਟਰ ਰੈਲੀ ਕੱਢ ਰਹੇ ਹਨ ਤਾਂ ਕਦੇ ਧਰਨੇ ਦਿੱਤੇ ਜਾ ਰਹੇ ਹਨ। ਨਾਲ ਹੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਵਾਲ : ਵਿਰੋਧੀ ਧਿਰ ਕਹਿੰਦੀ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ?
ਜਵਾਬ :
ਮੈਂ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਕਿਸਾਨਾਂ ਲਈ ਭਾਜਪਾ ਦੀ ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ ਵਿਚ ਇਤਿਹਾਸਕ ਕੰਮ ਕੀਤਾ ਹੈ, ਜੋ ਪਿਛਲੇ 70 ਸਾਲਾਂ ਵਿਚ ਕੁਝ ਨਹੀਂ ਹੋਇਆ। 12 ਕਰੋੜ ਕਿਸਾਨਾਂ ਨੂੰ ਖੇਤੀ ਸਨਮਾਨ ਨਿਧੀ, ਦੇਸ਼ ਦੇ ਉਹ ਕਿਸਾਨ ਜਿਨ੍ਹਾਂ ਦੀ ਵਰਤੋਂ ਹਮੇਸ਼ਾ ਵੋਟ ਬੈਂਕ ਦੇ ਰੂਪ ਵਿਚ ਕੀਤੀ ਜਾਂਦੀ ਸੀ, ਉਨ੍ਹਾਂ ਦੀ ਕਿਸਮਤ ਬਦਲਣ ਦਾ ਕੰਮ ਕੀਤਾ। ਸਾਰੀਆਂ ਸਰਕਾਰਾਂ ਨੇ ਕਿਸਾਨਾਂ ਦੀ ਵਰਤੋਂ ਸਿਰਫ ਵੋਟ ਬੈਂਕ ਦੇ ਰੂਪ ਵਿਚ ਕੀਤੀ। ਕਿਸੇ ਵੀ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਕਿਸਾਨਾਂ ਨੇ ਕਈ ਪ੍ਰਧਾਨ ਮੰਤਰੀ ਬਣਾਏ, ਸਰਕਾਰਾਂ ਬਣਾਈਆਂ ਪਰ ਦੇਸ਼ ਦਾ ਕਿਸਾਨ ਗਰੀਬ ਤੋਂ ਗਰੀਬ ਹੁੰਦਾ ਗਿਆ। ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11.39 ਕਰੋੜ ਛੋਟੇ ਕਿਸਾਨਾਂ ਨੂੰ ਪੀ. ਐੱਮ. ਕਿਸਾਨ ਸਨਮਾਨ ਨਿਧੀ ਨਾਲ ਜੋੜ ਕੇ ਵੱਡਾ ਕੰਮ ਕੀਤਾ। ਪੀ. ਐੱਮ. ਫਸਲ ਬੀਮਾ ਯੋਜਨਾ ਤਹਿਤ ਫਸਲ ਦਾ ਨੁਕਸਾਨ ਹੋਣ ’ਤੇ 208.4 ਲੱਖ ਕਿਸਾਨਾਂ ਨੂੰ 26,654 ਕਰੋੜ ਰੁਪਏ ਦੇ ਕਲੇਮ ਫਸਲ ਬਰਬਾਦੀ ’ਤੇ ਦਿੱਤੇ ਗਏ। ਮੋਦੀ ਨੇ 22 ਕਰੋੜ ਸੋਇਲ ਹੈਲਥ ਕਾਰਡਜ਼ ਰਾਹੀਂ ਕਿਸਾਨਾਂ ਦੇ ਖੇਤਾਂ ਦੀ ਪੈਦਾਵਾਰ, ਤਾਕਤ ਤੇ ਤਬਦੀਲੀ ਦੀ ਚਿੰਤਾ ਕੀਤੀ। ਦੇਸ਼ ਭਰ ਵਿਚ 7,949 ਸੋਇਲ ਟੈਸਟਿੰਗ ਲੈਬਸ ਖੜ੍ਹੀਆਂ ਕੀਤੀਆਂ, ਜੋ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਤੇ ਖੇਤ ਦੀ ਤਾਕਤ ਦੋਵਾਂ ਬਾਰੇ ਸਹਾਇਕ ਬਣੀ। ਮੋਦੀ ਨੇ ਐੱਫ. ਪੀ. ਓ. ਬਣਾ ਕੇ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਜੋੜਿਆ ਹੈ। ਇਸ ਦੇ ਮਾਧਿਅਮ ਨਾਲ ਸਰਕਾਰ ਨੇ ਉਨ੍ਹਾਂ ਦੀ ਆਰਥਿਕ ਮਦਦ, ਇਨਫ੍ਰਾਸਟ੍ਰਕਚਰ ਖੜ੍ਹਾ ਕਰਨ ਅਤੇ ਮਾਰਕੀਟਿੰਗ ਲਈ ਮਦਦ ਕੀਤੀ। ਇਸ ਤੋਂ ਇਲਾਵਾ ਖੇਤਾਂ ’ਚ ਫਿਸ਼ਰੀ, ਮਧੂਮੱਖੀ ਪਾਲਣ, ਮੱਛੀ ਅਤੇ ਪਸ਼ੂ-ਪਾਲਣ ਵੀ ਕਮਾਈ ਦਾ ਸਾਧਨ ਬਣੇ। ਦੇਸ਼ ਦੀ ਸਰਕਾਰ ਨੇ ਉਸ ਦੇ ਲਈ ਲਗਾਤਾਰ ਪਿਛਲੇ 3 ਸਾਲਾਂ ਵਿਚ ਸਹਾਇਤਾ ਦਿੱਤੀ। ਆਤਮਨਿਰਭਰ ਭਾਰਤ ਵਿਚ ਇਨ੍ਹਾਂ ਤਿੰਨਾਂ ਲਈ ਪੈਕੇਜ ਵੀ ਦਿੱਤਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਸਵਾਲ : ਤਿੰਨੋਂ ਖੇਤੀ ਕਾਨੂੰਨ ਲਿਆਉਣ ਦੀ ਇੰਨੀ ਜਲਦਬਾਜ਼ੀ ਕੀ ਸੀ?
ਜਵਾਬ :
ਮੰਦੇ ਭਾਗਾਂ ਵਾਲੀ ਗੱਲ ਇਹ ਹੈ ਕਿ ਤਿੰਨੋਂ ਕਾਨੂੰਨ ਜਲਦਬਾਜ਼ੀ ਵਿਚ ਲਿਆਂਦੇ ਗਏ। ਇਸ ਦੀ ਬੁਨਿਆਦ ਸਾਲ 2001 ਵਿਚ ਰੱਖੀ ਗਈ ਸੀ ਜਦੋਂ ਖੇਤੀ ਮੰਤਰਾਲਾ ਦੀ ਅਗਵਾਈ ’ਚ ਐਕਸਪਰਟ ਕਮੇਟੀ ਬਣੀ ਸੀ। ਇਸ ਤੋਂ ਬਾਅਦ 2002 ਵਿਚ ਐਗਰੀਕਲਚਰ ਮਾਰਕੀਟਿੰਗ ਰਿਫਾਰਮ ਲਈ ਟਾਸਕ ਫੋਰਸ ਬਣਾਈ ਗਈ। ਸਾਲ 2003 ਵਿਚ ਏ. ਪੀ. ਐੱਮ. ਸੀ. ਐਕਟ ਨੂੰ ਸੂਬਿਆਂ ਵਿਚ ਸਰਕੂਲੇਟ ਕੀਤਾ ਗਿਆ। 2004-06 ਵਿਚ ਨੈਸ਼ਨਲ ਕਮਿਸ਼ਨ ਆਫ਼ ਫਾਰਮਰ ਬਣਾਇਆ ਗਿਆ। 2007 ਵਿਚ ਏ. ਪੀ. ਐੱਮ. ਸੀ. ਰੂਲਜ਼ ਪਬਲਿਕ ਕੀਤੇ ਗਏ। 2013 ਵਿਚ ਸੂਬਿਆਂ ਦੀਆਂ ਸਰਕਾਰਾਂ ਦੇ ਖੇਤੀ ਮੰਤਰੀਆਂ ਦੀ ਐਗਰੀਕਲਚਰ ਮਾਰਕੀਟਿੰਗ ਤੇ ਪ੍ਰਮੋਟ ਰਿਫਾਰਮ ’ਤੇ ਕਮੇਟੀ ਬਣਾਈ ਗਈ, ਜਿਸ ਦੇ ਆਧਾਰ ’ਤੇ ਮਾਡਲ ਐਗਰੀਕਲਚਰ ਮਾਰਕੀਟਿੰਗ ਐਕਟ 2017 ਆਇਆ। ਸਾਲ 2018 ਵਿਚ ਮਾਡਲ ਕਾਂਟ੍ਰੈਕਟ ਫਾਰਮਿੰਗ ਐਕਟ-2018 ਆਇਆ। ਆਪ੍ਰੇਸ਼ਨਲ ਗਾਈਡਲਾਈਨ ਤੇ ਜੀ. ਆਰ. ਏ. ਐੱਮ. ਐੱਸ. ਲਿਆਂਦੀ ਗਈ। 2019 ਵਿਚ ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਬਣਾਈ ਗਈ। ਇਸ ਤੋਂ ਬਾਅਦ 2020 ਵਿਚ 12 ਪੜਾਅ ਪੂਰੇ ਹੋਣ ਤੋਂ ਬਅਦ 2020 ਵਿਚ 3 ਇਤਿਹਾਸਕ ਰਿਫਾਰਮ ਬਿੱਲ ਸੰਸਦ ਤੋਂ ਪਾਸ ਹੋਏ। ਇਹ ਕ੍ਰਾਂਤੀਕਾਰੀ ਬਿੱਲ ਪਿਛਲੇ 100 ਸਾਲਾਂ ਵਿਚ ਸਭ ਤੋਂ ਵੱਡੇ ਰਿਫਾਰਮ ਹਨ, ਜਿਨ੍ਹਾਂ ਰਾਹੀਂ ਕਿਸਾਨਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਦੀ ਕ੍ਰਾਂਤੀਕਾਰੀ ਕੋਸ਼ਿਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਸਾਰੀ ਪ੍ਰਕਿਰਿਆ ਵਿਚ ਭਾਜਪਾ-ਐੱਨ. ਡੀ. ਏ., ਕਾਂਗਰਸ, ਗਠਜੋੜ ਦੀਆਂ ਸਰਕਾਰਾਂ ਸ਼ਾਮਲ ਰਹੀਆਂ। ਖਾਸ ਗੱਲ ਇਹ ਹੈ ਕਿ ਐੱਨ. ਡੀ. ਏ. ਦੀ ਸਰਕਾਰ ਵੇਲੇ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਰਿਹਾ, ਜਿਸ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਦੇ ਰੂਪ ਵਿਚ ਮੌਜੂਦ ਰਹੀ। ਇਸੇ ਲਈ ਇਹ ਕਹਿਣਾ ਕਿ ਕਿਸੇ ਵੀ ਪਾਰਟੀ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਪਤਾ ਨਹੀਂ ਸੀ ਜਾਂ ਜਲਦਬਾਜ਼ੀ ਕੀਤੀ ਗਈ ਤਾਂ ਇਹ ਸਰਾਸਰ ਗਲਤ ਤੇ ਬਦਕਿਸਮਤੀ ਭਰਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਸਖ਼ਤੀ, ਨਵੇਂ ਮੋਟਰ ਵਾਹਨ ਮਾਡਲਾਂ ਦੀ ਰਜਿਸਟਰੇਸ਼ਨ ’ਤੇ ਵਸੂਲੇਗੀ ਪ੍ਰੋਸੈਸ ਫ਼ੀਸ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


shivani attri

Content Editor

Related News