ਤਰੁਣ ਚੁੱਘ ਨੇ ਲੈਂਡ ਪੂਲਿੰਗ ਯੋਜਨਾ ਤੁਰੰਤ ਰੱਦ ਕਰਨ ਦੀ ਕੀਤੀ ਮੰਗੀ
Thursday, Jul 31, 2025 - 12:03 AM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਪੂਰੇ ਸੂਬੇ ਵਿਚ ਜਨ ਅੰਦੋਲਨ ਕਰੇਗੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਅੰਨਦਾਤਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਦੇ ਨਾਂ ’ਤੇ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਇਹ ਯੋਜਨਾ ‘ਸੂਬੇ ਵੱਲੋਂ ਸਪਾਂਸਰਡ ਸਾਜ਼ਿਸ਼’ ਹੈ, ਜਿਸ ਤੋਂ ਸਿਰਫ ਰੀਅਲ ਅਸਟੇਟ ਮਾਫੀਆ ਨੂੰ ਫਾਇਦਾ ਮਿਲਣਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
ਪੰਜਾਬ ਦੇ ਕਿਸਾਨਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਉਨ੍ਹਾਂ ਦਾ ਮੰਗ-ਪੱਤਰ ਰਾਜਪਾਲ ਨੂੰ ਸੌਂਪ ਚੁੱਕੇ ਚੁੱਘ ਨੇ ਕਿਹਾ ਕਿ ਇਹ ਕੋਈ ਨੀਤੀ ਨਹੀਂ, ਸਗੋਂ ਕਿਸਾਨਾਂ ਨਾਲ ਕੀਤਾ ਗਿਆ ਸਿੱਧਾ ਵਿਸ਼ਵਾਸਘਾਤ ਹੈ। ਕਿਸਾਨ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਹ ਯੋਜਨਾ ਉਨ੍ਹਾਂ ਦੇ ਪੁਸ਼ਤੈਨੀ ਹੱਕ ਖੋਹਣ ਦਾ ਸਰਕਾਰੀ ਔਜ਼ਾਰ ਹੈ। ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਸਾਡੇ ਲਈ ਮਾਂ ਸਮਾਨ ਹੈ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਸ ਉੱਪਰ ਜਬਰੀ ਕਬਜ਼ਾ ਕਰਨਾ ਡਾਕਾ ਮਾਰਨ ਨਾਲੋਂ ਘੱਟ ਨਹੀਂ।
ਉਨ੍ਹਾਂ ਕਿਹਾ ਕਿ ਅਸੀਂ ਇਹ ਲੜਾਈ ਸੜਕਾਂ ’ਤੇ ਵੀ ਲੜਾਂਗੇ, ਅਦਾਲਤਾਂ ਵਿਚ ਵੀ ਅਤੇ ਜਨਤਾ ਵਿਚਕਾਰ ਵੀ। ਪੰਜਾਬ ਨੂੰ ਭੂ-ਮਾਫੀਆ ਤੇ ਸਿਆਸੀ ਦਲਾਲਾਂ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ।