24 ਘੰਟੇ ਬਾਅਦ ਹੀ ਗ੍ਰੀਨ ਜ਼ੋਨ ਤੋਂ ਬਾਹਰ ਹੋਇਆ ''ਤਰਨਤਾਰਨ'' ਕੋਰੋਨਾ ਦੀ ਮੁੜ ਐਂਟਰੀ
Monday, May 18, 2020 - 11:15 AM (IST)

ਤਰਨਤਾਰਨ (ਰਮਨ) : ਐਤਵਾਰ ਨੂੰ 100 ਫੀਸਦੀ ਕੋਰੋਨਾ ਮੁਕਤ ਹੋ ਕੇ ਗ੍ਰੀਨ ਜ਼ੋਨ 'ਚ ਪੁੱਜਾ ਜ਼ਿਲ੍ਹਾ ਤਰਨਤਾਰਨ 24 ਘੰਟੇ ਬਾਅਦ ਹੀ ਇਸ ਜ਼ੋਨ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਇੱਥੇ ਕੋਰੋਨਾ ਵਾਇਰਸ ਨੇ ਮੁੜ ਦਸਤਕ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਤਰਨਤਾਰਨ ਪੁੱਜੇ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਗ੍ਰੀਨ ਸੂਚੀ 'ਚੋਂ ਬਾਹਰ ਹੋ ਗਿਆ ਹੈ। ਫਿਲਹਾਲ ਕੋਰੋਨਾ ਪਾਜ਼ੇਟਿਵ ਨੌਜਵਾਨ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ 'ਚ ਮੌਜੂਦ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਾਇਆ ਗਿਆ ਹੈ।
ਦੱਸਣਯੋਗ ਹੈ ਕਿ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਜੇਰੇ ਇਲਾਜ 19 ਕੋਰੋਨਾ ਪੀੜਤ ਮਰੀਜ਼ਾਂ ਨੂੰ ਐਤਵਾਰ ਨੂੰ ਕੋਰੋਨਾ ਮੁਕਤ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਸੀ, ਜੋ ਕਿ ਆਪਣੇ ਘਰਾਂ ਅੰਦਰ 7 ਦਿਨਾਂ ਲਈ ਇਕਾਂਤਵਾਸ ਰਹਿਣਗੇ। ਤਰਨਤਾਰਨ ਅੰਦਰ ਹੁਣ ਤੱਕ ਕੁੱਲ 162 ਕੋਰੋਨਾ ਪੀੜਤ ਮਰੀਜ਼ ਸਨ, ਜੋ ਕਿ ਬੀਤੇ ਦਿਨ ਸਾਰੇ ਹੀ ਕੋਰੋਨਾ ਮੁਕਤ ਹੋ ਕੇ ਆਪਣੇ ਘਰਾਂ ਅੰਦਰ ਇਕਾਂਤਵਾਸ ਹੋ ਚੁੱਕੇ ਹਨ।