ਤਾਰਨਤਾਰਨ : ਕਾਂਗਰਸੀਆਂ ਤੇ ਅਕਾਲੀਆਂ ''ਚ ਖ਼ੂਨੀ ਝੜਪ

07/29/2018 10:04:47 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-  ਤਰਨਤਾਰਨ ਜ਼ਿਲੇ ਦੇ ਪਿੰਡ ਲਾਲੂਘੁੰਮਣ 'ਚ ਕਾਂਗਰਸ ਅਤੇ ਅਕਾਲੀ ਦਲ ਦੇ 2 ਗਰੁੱਪਾਂ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਧਿਰਾਂ ਨੇ ਇਸ ਝੜਪ ਦੌਰਾਨ ਇਕ ਦੂਜੇ 'ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਹਨ, ਜਦ ਕਿ ਦੋਹਾਂ ਧਿਰਾਂ ਦੇ 2 ਲੋਕ ਜ਼ਖਮੀ ਹੋਏ ਵੀ ਹਨ। ਜ਼ਖਮੀਆਂ ਨੂੰ ਇਲਾਜ ਲਈ ਥਾਣਾ ਝਬਾਲ ਦੀ ਪੁਲਸ ਨੇ ਸਥਾਨਕ ਵੱਖ-ਵੱਖ ਹਸਪਤਾਲਾਂ ਦਾਖਲ ਕਰਾ ਕੇ ਮਾਮਲੇ ਦੀ ਤਫਤੀਸ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਦਿੰਦਿਆਂ ਕਾਂਗਰਸ ਧਿਰ ਦੇ ਪਰਮਜੀਤ ਸਿੰਘ ਚੇਅਰਮੈਨ ਨੇ ਦੱਸਿਆ ਕਿ ਉਸਦੇ ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਬੇਅੰਤ ਸਿੰਘ ਨਾਲ ਬਿਕਰਮਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਦਾ ਕੁਝ ਦਿਨ ਪਹਿਲਾਂ ਆਪਸੀ ਤਕਰਾਰ ਹੋਇਆ ਸੀ, ਜਿਸ ਦਾ ਪਿੰਡ ਦੇ ਮੋਹਤਬਰਾਂ ਵੱਲੋਂ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ। ਅੱਜ ਸਮਾਂ ਕਰੀਬ 2:30 ਦੁਪਹਿਰ ਦਾ ਹੋਵੇਗਾ ਕਿ ਹਰਪ੍ਰੀਤ ਸਿੰਘ ਹੈਪੀ ਜਦੋਂ ਉਨਾਂ ਦੇ ਘਰ ਮੌਜ਼ੂਦ ਸੀ ਤਾਂ ਬਿਕਰਮਜੀਤ ਸਿੰਘ ਵੱਲੋਂ ਮਨਦੀਪ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ ਅਤੇ ਆਪਣੇ 10-15 ਹੋਰ ਸਾਥੀਆਂ ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਸਨ ਅਤੇ ਕੁਝ ਲੋਕਾਂ ਦੇ ਕੋਲ ਪਿਸਤੌਲ ਵੀ ਸਨ, ਨੇ ਹਰਪ੍ਰੀਤ ਸਿੰਘ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ, ਬਾਅਦ 'ਚ ਗੋਲੀਆਂ ਚਲਾਂਉਦੇ ਫਰਾਰ ਹੋ ਗਏ।

ਦੂਜੇ ਪਾਸੇ ਪਿੰਡ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਦੇਸਾ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਉਸਦੇ ਸਾਥੀ ਤੇਜਿੰਦਰ ਸਿੰਘ ਅਤੇ ਮਨਦੀਪ ਸਿੰਘ ਜਦੋਂ ਪਿੰਡ ਦੇ ਸੂਏ ਪੁੱਲ ਦੇ ਨਜ਼ਦੀਕ ਖੜੇ ਸਨ ਤਾਂ ਪਰਮਜੀਤ ਸਿੰਘ ਪੁੱਤਰ ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ ਪੁੱਤਰ ਬੇਅੰਤ ਸਿੰਘ, ਰਵੀ ਪੁੱਤਰ ਮੁਹਿੰਦਰ ਸਿੰਘ, ਯੁਗਰਾਜ ਸਿੰਘ, ਬਲਰਾਜ ਸਿੰਘ ਪੁੱਤਰਾਨ ਪਰਮਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਹਮਲਾ ਕਰ ਕੇ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਤੇ ਪਰਮਜੀਤ ਸਿੰਘ ਵੱਲੋਂ ਆਪਣੇ ਘਰ ਲਿਆ ਕਿ ਇਨਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ। ਸਰਪੰਚ ਦੇਸਾ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਦੀ ਚੁੰਗਲ ਚੋਂ ਛੁੱਟ ਕੇ ਜਦੋਂ ਇਹ ਤਿੰਨੇ ਨੌਜਵਾਨ ਭੱਜ ਕੇ ਆਪਣੇ ਘਰ ਨੂੰ ਆ ਰਹੇ ਸਨ ਤਾਂ ਪਿੱਛੋਂ ਉਕਤ ਲੋਕਾਂ ਵੱਲੋਂ ਇਨਾਂ 'ਤੇ ਗੋਲੀਆਂ ਚਲਾਂਈਆਂ ਗਈਆਂ, ਜਿਸ ਦੌਰਾਨ ਇਕ ਗੋਲੀ ਬਿਕਰਮਜੀਤ ਸਿੰਘ ਦੀ ਲੱਤ ਵਿਚ ਜਾ ਵੱਜੀ 'ਤੇ ਉਹ ਜ਼ਖਮੀ ਹੋ ਗਿਆ। 
ਥਾਣਾ ਝਬਾਲ ਦੇ ਕਾਰਜਕਾਰੀ ਥਾਣਾ ਮੁਖੀ ਹਰਸ਼ਾ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਉਹ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ ਅਤੇ ਸਾਰੇ ਹਲਾਤਾਂ ਦਾ ਜਾਇਜ਼ਾ ਲਿਆ ਹੈ। ਮੁੱਢਲੀ ਤਫਤੀਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਹਾਂ ਧਿਰਾਂ ਦਰਮਿਆਨ ਝਗੜਾ ਜ਼ਰੂਰ ਹੋਇਆ ਹੈ ਅਤੇ ਫਾਇਰ ਹੋਣ ਦੀ ਵੀ ਪੁਸ਼ਟੀ ਹੋਈ ਹੈ ਪਰ ਕਿਸੇ ਨੂੰ ਗੋਲੀ ਲੱਗਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨਾਂ ਇਹ ਵੀ ਕਿਹਾ ਕਿ ਝਗੜਾ ਕਰੀਬ 2:30 ਦੁਪਹਿਰੇ ਹੋਇਆ ਹੈ 'ਤੇ ਇਕ ਧਿਰ ਵੱਲੋਂ ਉਸੇ ਵਕਤ ਹੀ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ, ਜਿੰਨਾਂ ਨੂੰ ਡਾਕਟ ਦੇ ਕਿ ਡਾਕਟਰੀ ਇਲਾਜ ਲਈ ਸਰਕਾਰੀ ਹਸਪਤਾਲ ਝਬਾਲ ਵਿਖੇ ਭੇਜ ਦਿੱਤਾ ਗਿਆ ਸੀ, ਪਰ ਦੂਜੀ ਧਿਰ ਵੱਲੋਂ 7 ਵਜੇ ਸ਼ਾਮ ਨੂੰ ਥਾਣੇ ਆ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ। ਉਨਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਅਸਲ ਸੱਚਾਈ ਸਾਹਮਣੇ ਆਵੇਗੀ ਉਸ ਮੁਤਾਬਕ ਸਬੰਧਤ ਧਿਰ ਵਿਰੁਧ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News