ਮੋਬਾਇਲ ਫੋਨ ਦੇ ਟਾਵਰਾਂ ਦੀਆਂ ਰੇਡੀਏਸ਼ਨ ਕਿਰਨਾਂ ਨਾਲ ਹੁੰਦੀ ਹੈ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ

01/23/2019 10:43:46 AM

ਤਰਨਤਾਰਨ (ਰਮਨ)-ਜੇ ਮਨੁੱਖੀ ਸਰੀਰ ਦੀ ਵਧੀਆ ਕਾਰਜਸ਼ੈਲੀ ਤੇ ਤੰਦਰੁਸਤੀ ਵਾਲਾ ਜੀਵਨ ਜਿਊਣ ਲਈ ਸਰੀਰਕ ਅੰਗਾਂ ਦੀ ਮਹੱਤਤਾ ਦੀ ਗੱਲ ਕਰੀਏ ਤਾਂ ਸਰੀਰਕ ਕਿਰਿਆਵਾਂ ਨੂੰ ਚਲਾਉਣ ਲਈ ਹਰੇਕ ਅੰਗ ਦੀ ਆਪਣੀ ਹੀ ਲੋਡ਼ ਹੈ। ਮਨੁੱਖੀ ਸਰੀਰ ’ਚ ਕਿਸੇ ਵੀ ਅੰਗ ਨੂੰ ਬੇਕਾਰ ਨਹੀਂ ਕਿਹਾ ਜਾ ਸਕਦਾ। ਚਾਹੇ ਇਹ ਸਰੀਰ ਦੇ ਅੰਦਰੂਨੀ ਹਿੱਸੇ ਨਾਲ ਸਬੰਧਤ ਹੋਣ ਜਾਂ ਬਾਹਰਲੇ ਨਾਲ। ਜੇ ਕੰਨਾਂ ਦੀ ਗੱਲ ਕਰੀਏ ਤਾਂ ਜੀਵਨ ਦਾ ਆਨੰਦ ਮਾਣਨ, ਆਪਣਿਆਂ ਦੀਆਂ ਭਾਵਨਾਵਾਂ ਸਮਝਣ ਅਤੇ ਸੁਣਨ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਤੌਰ ’ਤੇ ਇਨ੍ਹਾਂ ਦੀ ਸੰਭਾਲ ਦੀ ਲੋਡ਼ ਹੈ ਪਰ ਅੱਜ-ਕੱਲ ਦੀ ਆਧੁਨਿਕ ਜੀਵਨਸ਼ੈਲੀ ਤੇ ਲਾਈਫ ਸਟਾਇਲ ਦੀ ਖਿੱਚ ਨੇ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਲਿਆ ਹੈ ਕਿ ਉਹ ਸਰੀਰ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕੰਨਾਂ ਦੀ ਸੰਭਾਲ ਪ੍ਰਤੀ ਬਹੁਤ ਹੀ ਘੱਟ ਜਾਗਰੂਕ ਹਨ, ਜਿਸ ਕਰ ਕੇ ਕੰਨਾਂ ਦੀਆਂ ਬੀਮਾਰੀਆਂ ਦੇ ਪੀਡ਼ਤਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਨ੍ਹਾਂ ਦਾ ਸ਼ਿਕਾਰ ਜ਼ਿਆਦਾਤਰ ਨੌਜਵਾਨ ਪੀਡ਼੍ਹੀ ਹੋ ਰਹੀ ਹੈ। ਜਿਨ੍ਹਾਂ ਨੂੰ ਛੋਟੀ ਉਮਰ ’ਚ ਹੀ ਕੰਨਾਂ ਦੀ ਸੰਭਾਲ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਸਿੱਧੇ ਤੌਰ ’ਤੇ ਉਨ੍ਹਾਂ ਦੀ ਸੁਣਨ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਸਰੀਰ ’ਚ ਅਹਿਮ ਰੋਲ ਨਿਭਾਉਣ ਵਾਲੇ ਇਸ ਅੰਗ ਦੇ ਕੰਮ ਕਰਨ ਦੀ ਸਮੱਰਥਾ ਨੂੰ ਜਾਣਕਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ ਹੈ। ਅੱਜ ਦੀ ਪੀਡ਼੍ਹੀ ਦੇ ਨੌਜਵਾਨਾਂ ਵਲੋਂ ਆਧੁਨਿਕ ਇੰਟਰਨੈੱਟ ਸਹੂਲਤਾਂ ਦਾ ਫਾਇਦਾ ਲੈਣ ਦੇ ਨਾਂ ’ਤੇ ਬਿਨਾਂ ਕਿਸੇ ਕੰਮ-ਕਾਜ ਦੇ ਵੀ ਮੋਬਾਇਲ ਫੋਨ ਤੇ ਲੈਪਟਾਪ ਦਾ ਇਸਤੇਮਾਲ ਕਰਨ ਤੇ ਸੰਗੀਤ ਸੁਣਨ ਲਈ ਈਅਰਫੋਨ ਦਾ ਕਈ ਘੰਟਿਆਂ ਤੱਕ ਲਗਾਤਾਰ ਇਸਤੇਮਾਲ ਕਰਨਾ, ਵਾਹਨਾਂ ’ਤੇ ਲੱਗੇ ਪ੍ਰੈਸ਼ਰ ਹਾਰਨਾਂ, ਤੈਰਾਕੀ ਦੇ ਸ਼ੌਕੀਨਾਂ ਵਲੋਂ ਪਾਣੀ ’ਚ ਲਾਪ੍ਰਵਾਹੀ ਨਾਲ ਤੈਰਨ ਕਰ ਕੇ ਕੰਨਾਂ ’ਚ ਪਾਣੀ ਦਾ ਚਲੇ ਜਾਣਾ, ਕੰਨਾਂ ’ਚ ਹੋਣ ਵਾਲੀ ਦਰਦ ਦੀ ਪ੍ਰਵਾਹ ਨਾ ਕਰਨਾ, ਕੰਨ ਦੇ ਵਗਣ ਨੂੰ ਗੰਭੀਰਤਾ ਨਾਲ ਨਾ ਲੈ ਕੇ ਮਾਹਿਰ ਪਾਸੋਂ ਜਾਂਚ ਕਰਵਾਉਣਾ ਸਿੱਧੇ ਤੌਰ ਤੇ ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਕੰਨਾਂ ਦੀਆਂ ਬੀਮਾਰੀਆਂ ਨੂੰ ਵਧਾਉਂਦਾ ਹੈ। ਕੰਨਾਂ ਦੀਆਂ ਬੀਮਾਰੀਆਂ ਦੇ ਲੱਛਣ ਗਲੇ ਦੇ ਟੌਂਸਲ ਦਾ ਪੀਡ਼ਤ ਹੋਣਾ । ਕੰਨਾਂ ’ਚ ਆਮ ਤੌਰ ’ਤੇ ਦਰਦ ਮਹਿਸੂਸ ਹੋਣਾ ਜਾਂ ਖਾਰਸ਼ ਦਾ ਹੋਣਾ । ਕੰਨਾਂ ਦੇ ਹੇਠਲੇ ਹਿੱਸੇ ’ਚ ਸੋਜ ਆਉਣ ਦੀ ਸਮੱਸਿਆ ਹੋਣਾ । ਦਿਮਾਗ ’ਚ ਜੰਮੇ ਰੇਸ਼ੇ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ । ਕਈ ਘੰਟਿਆਂ ਤਕ ਸ਼ੋਰ-ਸ਼ਰਾਬੇ ਵਾਲੀ ਜਗ੍ਹਾ ’ਤੇ ਰਹਿਣ ਨਾਲ ਕੰਨਾਂ ’ਚ ਦਬਾਅ ਮਹਿਸੂਸ ਹੋਣ ਲੱਗ ਪੈਣਾ । ਕੰਨਾਂ ’ਚ ਹਰ ਸਮੇਂ ਕਿਸੇ ਚੀਜ਼ ਦੇ ਹਿਲਣ ਦਾ ਮਹਿਸੂਸ ਹੁੰਦੇ ਰਹਿਣਾ ।ਇਸ ਤਰ੍ਹਾਂ ਕਰੋ ਕੰਨਾਂ ਦੀ ਸੰਭਾਲਕੰਨਾਂ ਦੀ ਦੇਖਭਾਲ ਪ੍ਰਤੀ ਰਹੋ ਗੰਭੀਰ ਸੰਗੀਤ ਦੀ ਆਵਾਜ਼ ਨੂੰ ਤੇਜ਼ ਸੁਣਨ ਦੀ ਬਜਾਏ ਘੱਟ ਤੋਂ ਘੱਟ ਆਵਾਜ਼ ’ਚ ਇਸ ਦਾ ਆਨੰਦ ਮਾਣੋ । ਕੰਨਾਂ ’ਚ ਸਰੋਂ ਦਾ ਤੇਲ ਜਾਂ ਕਿਸੇ ਤਰ੍ਹਾਂ ਦਾ ਚਿਕਨਾਈ ਵਾਲਾ ਤਰਲ ਪਦਾਰਥ ਨਾ ਪਾਓ। ਤੈਰਾਕੀ ਜਾਂ ਸਾਧਾਰਣ ਢੰਗ ਨਾਲ ਨਹਾਉਣ ਤੋਂ ਬਾਅਦ ਕੰਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ। ਕੰਨ ’ਚ ਸੀਟੀ ਦੀ ਆਵਾਜ਼ ਮਹਿਸੂਸ ਹੋਣ ’ਤੇ ਤੁਰੰਤ ਮਾਹਿਰ ਪਾਸੋਂ ਜਾਂਚ ਕਰਵਾਓ। ਸ਼ੋਰ-ਸ਼ਰਾਬੇ ਵਾਲੀ ਜਗ੍ਹਾ ’ਤੇ ਜ਼ਿਆਦਾ ਦੇਰ ਤਕ ਰੁਕਣ ਨਾਲ ਸਿੱਧੇ ਤੌਰ ’ਤੇ ਕੰਨਾਂ ਦੀ ਕਾਰਜਸ਼ਾਲੀ ਨੂੰ ਪ੍ਰਭਾਵਿਤ ਕਰਦਾ ਹੈ । ਹਰ ਰੋਜ਼ ਨਾ ਸੁਣੋ 80 ਡੈਸੀਬਲਸ ਤੋਂ ਵੱਧ ਸੰਗੀਤ- ਕੁਦਰਤ ਨੇ ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਇਨ੍ਹਾਂ ਦੀ ਇਸ ਸ਼ਕਤੀ ਦੀ ਇਕ ਸੀਮਾ ਤੈਅ ਕੀਤੀ ਹੈ ਅਤੇ ਜੇ ਇਸ ਨਿਰਧਾਰਤ ਕੀਤੀ ਗਈ ਸੀਮਾ ਤੋਂ ਵੱਧ ਸੰਗੀਤ, ਸ਼ੋਰ ਸੁਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਸ ਨਾਲ ਤੁਸੀਂ ਕੁਦਰਤ ਵਲੋਂ ਮਿਲੀ ਸੁਣਨ ਦੀ ਤਾਕਤ ਨੂੰ ਪੂਰੀ ਤਰ੍ਹਾਂ ਗਵਾ ਸਕਦੇ ਹੋ। ਰੋਜ਼ਾਨਾ ਜ਼ਿੰਦਗੀ ’ਚ ਜਿਵੇਂ ਅੱਖਾਂ, ਹੱਥਾਂ ਅਤੇ ਦੂਸਰੇ ਹੋਰ ਸਰੀਰਕ ਅੰਗਾਂ ਦੀ ਲੋਡ਼ ਹੈ, ਉਸੇ ਤਰ੍ਹਾਂ ਹੀ ਸਾਡੇ ਕੰਨ ਵੀ ਇਸ ’ਚ ਆਪਣੀ ਸੁਣਨ ਸ਼ਕਤੀ ਨਾਲ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇ ਅਸੀਂ ਰੋਜ਼ਾਨਾ 80 ਡੈਸੀਬਲਸ ਦੇ ਵਾਲੀਅਮ ਤੋਂ ਵੱਧ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੀਏ ਤਾਂ ਇਸ ਦਾ ਸਿੱਧਾ ਪ੍ਰਭਾਵ ਸੁਣਨ ਸ਼ਕਤੀ ’ਤੇ ਪਵੇਗਾ ਅਤੇ ਅਸੀਂ ਇਸ ਸ਼ਕਤੀ ਨੂੰ ਪੂਰੀ ਤਰ੍ਹਾਂ ਗਵਾ ਵੀ ਸਕਦੇ ਹਾਂ। ਕੰਨਾਂ ਦੀ ਸੁਣਨ ਦੀ ਸ਼ਕਤੀ ਪ੍ਰਮਾਤਮਾ ਵਲੋਂ ਦਿੱਤੀ ਗਈ ਵੱਡਮੁੱਲੀ ਦਾਤ ਹੈ। ਜਿਸ ਦੀ ਸੰਭਾਲ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਬਦਲਦੇ ਮੌਸਮ ਦਾ ਪ੍ਰਭਾਵ ਸਾਡੇ ਸਰੀਰ ਦੇ ਬਾਕੀ ਅੰਗਾਂ ਜਿਵੇਂ ਚਮਡ਼ੀ, ਗਲਾ ਤੇ ਸਰੀਰਕ ਸਹਿਣ ਸ਼ਕਤੀ ’ਤੇ ਪੈਂਦਾ ਹੈ, ਉਸੇ ਤਰ੍ਹਾਂ ਹੀ ਇਹ ਪ੍ਰਭਾਵ ਸਾਡੇ ਕੰਨਾਂ ’ਤੇ ਵੀ ਉਸੇ ਤਰ੍ਹਾਂ ਹੀ ਪੈਂਦਾ ਹੈ। ਇਸ ਲਈ ਮੌਸਮ ਦੇ ਹਿਸਾਬ ਨਾਲ ਕੰਨਾਂ ਦੀ ਦੇਖਭਾਲ ਕਰਨ ਤੇ ਇਨ੍ਹਾਂ ਦੀ ਸੁਣਨ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਕੰਨਾਂ ਦਾ ਹੋਰ ਸਾਰੇ ਸਰੀਰਕ ਅੰਗਾਂ ਨਾਲ ਸਬੰਧ ਹੋਣ ਕਰ ਕੇ ਜੇ ਸਾਨੂੰ ਕਿਸੇ ਤਰ੍ਹਾਂ ਦੀ ਇੰਫੈਕਸ਼ਨ ਮਹਿਸੂਸ ਹੁੰਦੀ ਹੈ ਤਾਂ ਇਸ ਦਾ ਇਲਾਜ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ’ਚ ਕੀਤੀ ਗਈ ਲਾਪ੍ਰਵਾਹੀ ਕੰਨਾਂ ਦੀ ਕਾਰਜ ਪ੍ਰਣਾਲੀ ਅਤੇ ਇਨ੍ਹਾਂ ਦੇ ਅਤੀ ਸੰਵੇਦਨਸ਼ੀਲ ਪਰਦਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੋਈ ਵੀ ਇੰਫੈਕਸ਼ਨ ਕੰਨਾਂ ਦੇ ਪਰਦਿਆਂ ’ਚ ਛੇਕ ਕਰ ਸਕਦੀ ਹੈ । ਜਿਸ ਨਾਲ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਡ਼ ਪੈਣ ’ਤੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।

Related News