ਸੂਰਿਆ ਇਨਕਲੇਵ ਦੇ ਦੋ ਫਲੈਟਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Wednesday, Oct 11, 2017 - 06:47 AM (IST)

ਜਲੰਧਰ, (ਮਹੇਸ਼)- ਮੰਗਲਵਾਰ ਦਿਨ-ਦਿਹਾੜੇ ਸ਼ੌਰਿਆ ਗਰੀਨ ਅਪਾਰਟਮੈਂਟਸ ਸੂਰਿਆ ਇਨਕਲੇਵ ਦੇ ਦੋ ਫਲੈਟਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਗਹਿਣਿਆਂ ਅਤੇ ਹਜ਼ਾਰਾਂ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। 
ਮਿਲੀ ਜਾਣਕਾਰੀ ਮੁਤਾਬਕ ਇਕ ਤਾਲਾਬੰਦ ਫਲੈਟ ਦਾ ਮਾਲਕ ਐੱਨ. ਆਰ. ਆਈ. ਹੈ, ਜਦਕਿ ਦੂਜੇ ਦਾ ਮਾਲਕ ਨੇਵੀ ਵਿਚ ਇੰਜੀਨੀਅਰਿੰਗ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਅਮਨ ਸ਼ਰਮਾ ਹੈ। ਉਸ ਦੀ ਪਤਨੀ ਅਰਬਨ ਅਸਟੇਟ ਖੇਤਰ ਵਿਚ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕ ਹੈ। ਅਮਨ ਸ਼ਰਮਾ ਲੱਗਭਗ 4-5 ਮਹੀਨਿਆਂ ਬਾਅਦ ਹੀ ਘਰ ਆਉਂਦੇ ਹਨ। ਇਕੋ ਵੇਲੇ ਦੋ ਫਲੈਟਾਂ ਵਿਚ ਚੋਰੀ ਦੀ ਖਬਰ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਅਮਨ ਦੀ ਪਤਨੀ ਮੋਨਿਕਾ ਨੇ ਦੱਸਿਆ ਕਿ ਉਹ ਬੀਤੇ ਲੱਗਭਗ 7 ਸਾਲ ਤੋਂ ਇਸ ਫਲੈਟ ਵਿਚ ਰਹਿ ਰਹੇ ਹਨ। ਮੋਨਿਕਾ ਨੇ ਦੱਸਿਆ ਕਿ ਉਸਦੇ ਪਤੀ ਸਮੁੰਦਰੀ ਫੌਜ ਵਿਚ ਨੌਕਰੀ ਕਰਦੇ ਹਨ ਤੇ 4-5 ਮਹੀਨਿਆਂ ਬਾਅਦ ਹੀ ਛੁੱਟੀ 'ਤੇ ਘਰ ਆਉਂਦੇ ਹਨ। ਉਹ ਰੋਜ਼ਾਨਾ ਵਾਂਗ ਮੰਗਲਵਾਰ ਸਵੇਰੇ 7.30 ਵਜੇ ਸਕੂਲ ਜਾਣ ਲਈ ਆਪਣੇ ਫਲੈਟ ਵਿਚੋਂ ਨਿਕਲੀ ਸੀ। ਉਸ ਦੇ ਮਾਤਾ-ਪਿਤਾ ਕਰਵਾਚੌਥ ਦੇ ਵਰਤ ਕਾਰਨ ਹੁਸ਼ਿਆਰਪੁਰ ਤੋਂ ਇਥੇ ਉਸ ਕੋਲ ਆਏ ਹੋਏ ਸਨ। ਉਹ ਵੀ ਸਵੇਰੇ 10 ਵਜੇ ਦੇ ਲੱਗਭਗ ਫਲੈਟ ਵਿਚੋਂ ਚਲੇ ਗਏ ਅਤੇ ਜਾਂਦੇ ਹੋਏ ਫਲੈਟ ਨੂੰ ਤਾਲਾ ਲਾ ਕੇ ਚਾਬੀ ਨਾਲ ਲੱਗਦੇ ਇਕ ਫਲੈਟ ਵਿਚ ਰਹਿੰਦੇ ਵਿਅਕਤੀਆਂ ਨੂੰ ਦੇ ਗਏ।
ਮੋਨਿਕਾ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ 2.20 ਵਜੇ ਦੇ ਲੱਗਭਗ ਜਦੋਂ ਆਪਣੀ ਚੌਥੀ ਮੰਜ਼ਿਲ 'ਤੇ ਫਲੈਟ ਵਿਚ ਆਈ ਤਾਂ ਵੇਖਿਆ ਕਿ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਭ ਸਾਮਾਨ ਖਿੱਲਰਿਆ ਹੋਇਆ ਸੀ। ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਚੋਰ ਸੋਨੇ ਦੇ ਦੋ ਕੜੇ, ਇਕ ਅੰਗੂਠੀ, ਕੁਝ ਗਹਿਣੇ ਅਤੇ 40 ਹਜ਼ਾਰ ਰੁਪਏ ਦੀ ਨਕਦੀ ਲੈ ਗਏ ਹਨ। ਨਾਲ ਹੀ ਫਲੈਟ ਦੇ ਦਸਤਾਵੇਜ਼ ਅਤੇ ਕੁਝ ਹੋਰ ਜ਼ਰੂਰੀ ਕਾਗਜ਼ ਪੱਤਰ ਵੀ ਲੈ ਕੇ ਫਰਾਰ ਹੋ ਗਏ। ਓਧਰ ਐੱਨ. ਆਰ. ਆਈ. ਦੇ ਫਲੈਟ ਤੋਂ ਚੋਰ ਕੀ ਕੁਝ ਲੈ ਗਏ ਹਨ, ਸੰਬੰਧੀ ਪਤਾ ਨਹੀਂ ਲੱਗ ਸਕਿਆ ਕਿਉਂਕਿ ਐੱਨ. ਆਰ. ਆਈ. ਦਾ ਫਲੈਟ ਬੰਦ ਹੈ। ਉਸਦੇ ਆਉਣ ਤੋਂ ਬਾਅਦ ਹੀ ਇਸ ਸੰਬੰਧੀ ਕੁਝ ਪਤਾ ਲੱਗ ਸਕੇਗਾ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਮੋਨਿਕਾ ਦੇ ਬਿਆਨਾਂ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸੁਰੱਖਿਆ ਨੂੰ ਲੈ ਕੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਨੇ ਬਿਲਡਰ 'ਤੇ ਲਾਏ ਦੋਸ਼ “: ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਸ਼ੌਰਿਆ ਗਰੀਨ ਅਪਾਰਟਸਮੈਂਟ ਸੂਰਿਆ ਇਨਕਲੇਵ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਹੈ ਕਿ ਫਲੈਟਾਂ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਦਾ ਮੁੱਖ ਕਾਰਨ ਬਿਲਡਰ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਢੁਕਵਾਂ ਪ੍ਰਬੰਧ ਕਰਨਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਿਲਡਰ ਨੂੰ ਲੋਕਾਂ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ। ਉਥੇ ਨਿਯੁਕਤ ਗਾਰਡ ਵਲੋਂ ਆਉਣ ਵਾਲੇ ਕਿਸੇ ਵਿਅਕਤੀ ਦੀ ਐਂਟਰੀ ਨਹੀਂ ਕੀਤੀ ਜਾਂਦੀ। ਉਥੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵੀ ਖਰਾਬ ਪਏ ਹਨ। ਫਲੈਟਾਂ ਦੀ ਮੇਨਟੀਨੈਂਸ ਨੂੰ ਲੈ ਕੇ ਹਰ ਮਹੀਨੇ ਇਕ ਹਜ਼ਾਰ ਰੁਪਏ ਜਮ੍ਹਾ ਕਰਵਾਏ ਜਾਂਦੇ ਹਨ ਪਰ ਕੀਤਾ ਕੁਝ ਵੀ ਨਹੀਂ ਜਾਂਦਾ। ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਵਧੇ ਹੋਏ ਹਨ। ਪੁਲਸ ਦੀ ਕਾਰਜ ਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ।


Related News