ਕੁੜੀ ਨੂੰ ਘਰੋਂ ਭਜਾਉਣ ਦੇ ਵਿਵਾਦ ਨੇ ਲਈ ਵਿਅਕਤੀ ਦੀ ਜਾਨ

11/03/2018 5:44:08 PM

ਤਰਨਤਾਰਨ (ਸੰਧੂ) : ਬੀਤੇ ਦਿਨੀ ਬਿਆਸ ਦਰਿਆ 'ਚ ਛਾਲ ਮਾਰ ਕੇ ਇਕ ਵਿਅਕਤੀ ਵਲੋਂ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਟਹਿਲ ਸਿੰਘ ਉਰਫ ਸੁਖਬੀਰ ਸਿੰਘ ਕਸਬਾ ਸਰਹਾਲੀ ਵਜੋਂ ਹੋਈ ਹੈ । ਇਸ ਮਾਮਲੇ 'ਚ ਪੁਲਸ ਨੇ ਟਹਿਲ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਹੀਰਾ ਸਿੰਘ, ਕਾਰਜ ਸਿੰਘ, ਪ੍ਰੇਮ ਸਿੰਘ ਤੇ ਜੁਗਤੇਸ਼ ਸਿੰਘ ਵਾਸੀਆਨ ਸਰਹਾਲੀ ਖਿਲਾਫ ਥਾਣਾ ਸਰਹਾਲੀ 'ਚ ਐੱਫ. ਆਈ. ਆਰ. ਨੰਬਰ 143/2018 ਧਾਰਾ 306/506/34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। 

ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਟਹਿਲ ਸਿੰਘ ਦੀ ਲੜਕੀ ਸਨਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀਰਾ ਸਿੰਘ ਦੀ ਲੜਕੀ ਨੂੰ ਕੋਈ ਲੜਕਾ ਭਜਾ ਕੇ ਲੈ ਗਿਆ ਸੀ। ਹੀਰਾ ਸਿੰਘ ਨੂੰ ਸ਼ੱਕ ਸੀ ਕਿ ਟਹਿਲ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਉਸ ਦੀ ਲੜਕੀ ਨੂੰ ਭਜਾਉਣ 'ਚ ਲੜਕੇ ਦੀ ਮਦਦ ਕੀਤੀ ਹੈ।   ਬਾਅਦ 'ਚ ਘਰੋਂ ਭੱਜੀ ਲੜਕੀ ਨੂੰ ਡੇਰੇ 'ਚ ਹੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਪਰ ਬਾਅਦ 'ਚ ਉਕਤ ਦੋਸ਼ੀ ਵਿਅਕਤੀਆਂ ਨੇ ਉਸ ਦੇ ਪਿਤਾ ਨਾਲ ਕੁੱਟ-ਮਾਰ ਕੀਤੀ ਤੇ ਥਾਣਾ ਸਰਹਾਲੀ ਵਿਖੇ ਉਸ ਦੇ ਪਿਤਾ-ਮਾਤਾ ਅਤੇ ਦੋ ਹੋਰਨਾਂ ਦੇ ਖਿਲਾਫ ਧਾਰਾ 363/366/376 ਆਈ. ਪੀ. ਸੀ. ਤਹਿਤ ਝੂਠਾ ਕੇਸ ਦਰਜ ਕਰਵਾ ਦਿੱਤਾ। 

ਦੂਸਰੇ ਪਾਸੇ ਉਕਤ ਕਥਿਤ ਦੋਸ਼ੀਆਂ ਨੇ ਟਹਿਲ ਸਿੰਘ ਨੂੰ ਕਥਿਤ ਤੌਰ 'ਤੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦਾ ਪਿੱਛਾ ਕੀਤਾ। ਜਿਸ ਕਰਕੇ ਉਸ ਨੇ ਬਿਆਸ ਦਰਿਆ 'ਚ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਦੂਸਰੇ ਪਾਸੇ ਐੱਸ. ਪੀ. (ਡੀ) ਤਿਲਕ ਰਾਜ ਨੇ ਦੱਸਿਆ ਕਿ ਸਨਦੀਪ ਕੌਰ ਦੇ ਬਿਆਨਾਂ 'ਤੇ ਨਾਮਜ਼ਦ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਇਸ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਤਿੰਨ ਲੜਕੀਆਂ ਛੱਡ ਗਿਆ ਹੈ। 
 


Related News