ਜ਼ਿਮੀਂਦਾਰ ਨੇ ਔਰਤ 'ਤੇ ਚੋਰੀ ਦਾ ਇਲਜ਼ਾਮ ਲਾ ਕੇ ਢਾਹੇ ਤਸ਼ੱਦਦ, ਫਿਰ ਬਣਾਈ ਅਸ਼ਲੀਲ ਵੀਡੀਓ
Saturday, Feb 22, 2020 - 11:15 AM (IST)
ਤਪਾ ਮੰਡੀ (ਸ਼ਾਮ, ਗਰਗ) : ਪਿੰਡ ਘੁੰਨਸ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ 'ਤੇ ਚੋਰੀ ਦਾ ਇਲਜ਼ਾਮ ਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਅਤੇ ਕੁੱਟ-ਮਾਰ ਕਰਨ ਉਪਰੰਤ ਉਸ ਨੂੰ ਕੁਝ ਕਿਲੋਮੀਟਰ ਦੇ ਏਰੀਏ 'ਚ ਘੁੰਮਾਉਣ ਤੋਂ ਬਾਅਦ ਘਰ ਛੱਡਿਆ ਗਿਆ। ਤਪਾ ਦੇ ਹਸਪਤਾਲ 'ਚ ਦਾਖਲ ਵਿਆਹੁਤਾ ਨੇ ਦੱਸਿਆ ਕਿ ਉਹ ਪਿੰਡ 'ਚ ਇਕ ਜ਼ਿਮੀਂਦਾਰਾਂ ਦੇ ਘਰ ਪਿਛਲੇ ਡੇਢ ਮਹੀਨੇ ਤੋਂ ਘਰੇਲੂ ਕੰਮ-ਕਾਜ ਕਰ ਰਹੀ ਹੈ ਪਰ ਤਿੰਨ ਦਿਨ ਪਹਿਲਾਂ ਉਕਤ ਪਰਿਵਾਰ ਉਸ ਦੇ ਘਰ ਆ ਕੇ ਦਬਕਿਆ, ਜਿਸ ਨੇ ਸਮੁੱਚੇ ਪਰਿਵਾਰ ਨੂੰ ਬਾਹਰ ਕੱਢ ਕੇ ਉਸ 'ਤੇ ਕਥਿਤ ਤੌਰ 'ਤੇ ਸੋਨਾ ਚੋਰੀ ਦੇ ਇਲਜ਼ਾਮ ਲਾ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾਂ ਨੇ ਕਿਹਾ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ ਪਰ ਉਕਤ ਨੌਜਵਾਨਾਂ ਵੱਲੋਂ ਉਸ ਦੇ ਢਿੱਡ 'ਚ ਲੱਤ ਮਾਰਨ ਕਾਰਣ ਉਸ ਦਾ ਭਰੂਣ ਡਿੱਗ ਗਿਆ, ਉਸੇ ਹੀ ਹਾਲਤ 'ਚ ਉਸ ਨੂੰ ਮਹਿਲ ਕਲਾਂ ਦੀ ਇਕ ਮੋਟਰ 'ਤੇ ਲਿਜਾਇਆ ਗਿਆ, ਜਿੱਥੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵੀਡੀਓ ਬਣਾ ਕੇ ਉਸ ਨੂੰ ਚੋਰੀ ਮੰਨਣ ਲਈ ਕਿਹਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ।
ਪੀੜਤਾ ਨੇ ਦੱਸਿਆ ਕਿ ਉਸ ਦੇ ਪਾਏ ਸੋਨੇ-ਚਾਂਦੀ ਦੇ ਗਹਿਣੇ ਉਤਰਵਾ ਲਏ ਗਏ ਹਨ ਜਦਕਿ ਪੁਲਸ ਜਾਂ ਕਿਸੇ ਹੋਰ ਕੋਲ ਜਾਣ 'ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਪੀੜਤ ਨੇ ਪਰਿਵਾਰ ਸਮੇਤ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਉਪ ਕਪਤਾਨ ਪੁਲਸ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀਤੇ ਕੱਲ ਹਸਪਤਾਲ ਅੰਦਰੋਂ ਰੁੱਕਾ ਆਇਆ ਸੀ, ਜਿਸ ਕਾਰਣ ਪੁਲਸ ਕਰਮਚਾਰੀ ਪੀੜਤ ਧਿਰ ਦਾ ਬਿਆਨ ਲੈਣ ਲਈ ਗਿਆ ਸੀ ਪਰ ਮੁੱਦਈ ਨੇ ਇਹ ਕਹਿ ਕੇ ਪੁਲਸ ਕਰਮਚਾਰੀ ਨੂੰ ਵਾਪਸ ਭੇਜ ਦਿੱਤਾ ਕਿ ਮੈਂ ਕੱਲ ਨੂੰ ਪਰਿਵਾਰ ਨਾਲ ਰਾਇ ਕਰਨ 'ਤੇ ਹੀ ਬਿਆਨ ਦਰਜ ਕਰਵਾਏਗੀ ਅਤੇ ਮੁੜ ਪੁਲਸ ਕਰਮੀ ਭੇਜ ਕੇ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਨਰਾਇਣ ਸਿੰਘ, ਪੜਤਾਲੀਆ ਅਧਿਕਾਰੀ ਜਗਤਾਰ ਸਿੰਘ ਵੀ ਹਾਜ਼ਰ ਸਨ।